ਹਲਵਾਰਾ, 23 ਨਵੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਦੇ ਮੁੱਖ ਚੌਂਕ ਵਿਚ ਸਥਿਤ ਗੁਰਦੁਆਰਾ ਕੇਂਦਰੀ ਸਾਹਿਬ ਦੀ ਕੰਧ ਦੇ ਨਾਲ ਲੱਗਦੇ ਇਕ ਘਰ ਵਿਚ ਬਣੇ ਸੂਰਾਂ ਦੇ ਵਾੜੇ ਨੇ ਵਿਵਾਦ ਛੇੜ ਦਿੱਤਾ ਹੈ | ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਪ੍ਰੀਤ ਸਿੰਘ ਰਾਜੂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਅਤੇ ਸਥਾਨਕ ਕਿਸਾਨ ਆਗੂ ਜਤਿੰਦਰ ਸਿੰਘ ਜੋਤੀ ਹਲਵਾਰਾ ਨੇ ਪਿੰਡ ਵਾਸੀਆਂ ਦੇ ਹਸਤਾਖਰਾਂ ਨਾਲ ਕੀਤੀ ਸ਼ਿਕਾਇਤ ਐੱਸ.ਡੀ.ਐੱਮ. ਰਾਏਕੋਟ ਉਪਿੰਦਰਜੀਤ ਕੌਰ ਬਰਾੜ ਨੂੰ ਸੌਂਪੀ | ਜਿਸ ਵਿਚ ਸੂਰਾਂ ਦੇ ਵਾੜੇ ਨੂੰ ਤੁਰੰਤ ਵਸੋਂ ਤੋਂ ਬਾਹਰ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ | ਸੂਰ ਪਾਲਕ ਚੰਦਰਪਾਲ ਨੇ ਖੁਦ ਗੱਲਬਾਤ ਵਿਚ ਮੰਨਿਆ ਕਿ ਵਸੋਂ ਵਾਲੇ ਖੇਤਰ ਦੇ ਨੇੜੇ ਸੂਰ ਰੱਖਣਾ ਗੈਰ-ਕਾਨੂੰਨੀ ਹੈ ਅਤੇ ਉਸਨੇ ਪਿੰਡ ਦੇ ਛੱਪੜ ਦੀ ਕੁਝ ਜ਼ਮੀਨ 'ਤੇ ਗੈਰ-ਕਾਨੂੰਨੀ ਕਬਜ਼ਾ ਵੀ ਕੀਤਾ ਹੈ, ਸੂਰਾਂ ਦਾ ਵਾੜਾ ਬਣਾਇਆ ਹੈ | ਚੰਦਰਪਾਲ ਨੇ ਦੱਸਿਆ ਕਿ ਸੂਰ ਪਾਲਣ ਦਾ 70 ਸਾਲਾਂ ਤੋਂ ਉਸਦਾ ਪੁਰਖਿਆਂ ਦਾ ਕਿੱਤਾ ਰਿਹਾ ਹੈ ਅਤੇ ਉਸਦਾ ਪਰਿਵਾਰ ਇਹ ਕੰਮ ਕਰ ਰਿਹਾ ਹੈ ਉਸ ਕੋਲ ਹੋਰ ਜਗ੍ਹਾ ਨਹੀਂ ਹੈ ਜਿਥੇ ਉਹ ਸੂਰ ਰੱਖ ਸਕੇ | ਚੰਦਰਪਾਲ ਨੇ ਪੰਚਾਇਤ ਤੋਂ ਜਗ੍ਹਾ ਦੀ ਵੀ ਮੰਗ ਕੀਤੀ ਹੈ | ਇਸ ਦੌਰਾਨ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਪ੍ਰੀਤ ਸਿੰਘ ਰਾਜੂ, ਕਿਸਾਨ ਆਗੂ ਅਮਰੀਕ ਸਿੰਘ ਹਲਵਾਰਾ ਅਤੇ ਜਤਿੰਦਰ ਸਿੰਘ ਜੋਤੀ ਹਲਵਾਰਾ ਨੇ ਦੋਸ਼ ਲਗਾਇਆ ਕਿ ਸੂਰਾਂ ਦੀ ਬਦਬੂ ਪਿੰਡ ਦੇ ਮੁੱਖ ਗੁਰਦੁਆਰਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਅਤੇ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ | ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਸੂਰਾਂ ਨੂੰ ਹਟਾਇਆ ਨਹੀਂ ਗਿਆ, ਜਿਸ ਕਾਰਨ ਪਿੰਡ ਵਿਚ ਵਿਵਾਦ ਹੋਰ ਡੂੰਘਾ ਹੋ ਗਿਆ ਹੈ | ਸ਼ਿਕਾਇਤਕਰਤਾਵਾਂ ਨੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ | ਇਸ ਸਮੇਂ ਹਰਪਾਲ ਸਿੰਘ, ਦੀਪਾ, ਲਵਲੀ, ਭਿੰਦਰ, ਰਾਜਾ, ਅਮਨਾ ਮੈਂਬਰ, ਖ਼ਜ਼ਾਨਚੀ ਗੁਰਪ੍ਰੀਤ ਸਿੰਘ, ਕਮੇਟੀ ਮੈਂਬਰ ਤੇਜਿੰਦਰ ਸਿੰਘ ਤੇਜੀ, ਜਗਰੂਪ ਸਿੰਘ ਆਦਿ ਹਾਜ਼ਰ ਸਨ |