ਜਗਰਾਉਂ, 5 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਬਲਾਕ ਸੰਮਤੀ ਚੋਣਾਂ ਲਈ ਜਗਰਾਉਂ ਦੇ 25 ਜ਼ੋਨਾਂ ਤੋਂ 111 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜੋ ਸਾਰੇ ਸਹੀ ਪਾਏ ਗਏ ਹਨ ਜਿਸ ਤਹਿਤ ਅੱਜ 111 ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਸਮੂਹ ਉਮੀਦਵਾਰਾਂ ਨੂੰ ਚੋਣ ਲੜਨ ਲਈ ਹਰੀ ਝੰਡੀ ਮਿਲ ਗਈ ਹੈ | ਇੱਥੇ ਦੱਸਣਯੋਗ ਹੈ ਰਿਟਰਨਿੰਗ ਚੋਣ ਅਫ਼ਸਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਪੇਪਰਾਂ ਵਿਚ ਕੋਈ ਵੀ ਤਰੁਟੀ ਨਹੀਂ ਪਾਈ ਗਈ ਅਤੇ ਸਾਰੇ ਹੀ ਉਮੀਦਵਾਰਾਂ ਨੂੰ ਚੋਣ ਲੜਨ ਦਾ ਮੌਕਾ ਮਿਲ ਗਿਆ | ਰਿਟਰਨਿੰਗ ਅਫ਼ਸਰ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੁਣ-ਛਾਣ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਕੀਤੀ ਗਈ ਹੈ ਅਤੇ ਨਿਯੁਕਤੀ ਪੱਤਰ ਦੀ ਜਾਂਚ ਪੜਤਾਲ ਕਰਨ ਵੇਲੇ ਕਿਸੇ ਵੀ ਸਿਆਸੀ ਦਬਾਅ ਨੂੰ ਸਵੀਕਾਰ ਨਹੀਂ ਕੀਤਾ | ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਵਲੋਂ ਜਾਰੀ ਪ੍ਰੈੱਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਬਲਾਕ ਸੰਮਤੀ ਦੇ ਕੁੱਲ 25 ਜ਼ੋਨਾਂ ਵਿਚ 111 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨਾਂ ਵਿਚ ਹਠੂਰ ਜ਼ੋਨ ਤੋਂ 4, ਚੱਕਰ ਤੋਂ 5, ਲੱਖਾ ਤੋਂ 5, ਮਾਣੂੰਕੇ ਤੋਂ 5, ਮੱਲ੍ਹਾ ਤੋਂ 5, ਭੰਮੀਪੁਰਾ ਤੋਂ 7, ਕਮਾਲਪੁਰਾ ਤੋਂ 3, ਅਖਾੜਾ ਤੋਂ 3, ਰਸੂਲਪੁਰ ਮੱਲ੍ਹਾ ਤੋਂ 5, ਕਾਉਂਕੇ ਕਲਾਂ ਤੋਂ 4, ਡੱਲਾ ਤੋਂ 7, ਅਗਵਾੜ ਖੁਆਜ਼ਾ ਬਾਜੂ ਤੋਂ 3, ਅਗਵਾੜ ਗੁੱਜ਼ਰਾਂ ਤੋਂ 6, ਪੋਨਾਂ ਤੋਂ 3, ਸਿੱਧਵਾਂ ਕਲਾ ਤੋਂ 4, ਬਰਸਾਲ ਤੋਂ 3, ਰਾਮਗੜ੍ਹ ਭੁੱਲਰ ਤੋਂ 3, ਮਲਕ ਤੋਂ 4, ਸ਼ੇਰਪੁਰ ਕਲਾਂ ਤੋਂ 5, ਗਾਲਿਬ ਕਲਾਂ ਤੋਂ 5, ਲੀਲਾ ਮੇਘ ਸਿੰਘ ਤੋਂ 4, ਸ਼ੇਖਦੌਲਤ ਤੋਂ 3, ਗਿੱਦੜਵਿੰਡੀ ਤੋਂ 5, ਅੱਬੂਪੁਰਾ ਤੋਂ 6 ਅਤੇ ਬਾਗੀਆਂ ਤੋਂ 4, ਉਮੀਦਵਾਰ ਚੋਣ ਮੈਦਾਨ ਵਿਚ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿੰਡ ਡੱਲਾ ਅਤੇ ਭੰਮੀਪੂਰਾ ਤੋਂ ਦੋਵਾਂ ਜ਼ੋਨਾਂ ਤੋਂ ਸੱਭ ਤੋਂ ਵਾਧੇਰੇ 7-7 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ 7 ਜ਼ੋਨਾਂ ਤੋਂ ਸਭ ਤੋਂ ਘੱਟ 3-3 ਉਮੀਦਵਾਰ ਚੋਣ ਲੜ ਰਹੇ ਹਨ | ਰਿਟਰਨਿੰਗ ਅਫ਼ਸਰ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ ਉਮੀਦਵਾਰਾਂ ਨੂੰ ਪੂਰਨ ਸਹਿਯੋਗ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੁਝ ਉਮੀਦਵਾਰਾਂ ਦੇ ਦਸਤਾਵੇਜ਼ਾਂ ਵਿਚ ਕੁਝ ਕੁ ਤਰੁਟੀਆਂ ਸਨ, ਜੋ ਉਮੀਦਵਾਰਾਂ ਨੂੰ ਬੁਲਾ ਕੇ ਦਰੁਸਤ ਕਰ ਦਿੱਤੀਆਂ ਗਈਆਂ ਸਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਅੱਜ 6 ਦਸੰਬਰ ਨੂੰ ਉਮੀਦਵਾਰ ਵਲੋਂ ਕਾਗਜ਼ ਵਾਪਸ ਲਏ ਜਾਣਗੇ ਅਤੇ ਕਾਗਜ਼ ਵਾਪਸੀ ਤੋਂ ਬਾਅਦ ਦੇਰ ਸ਼ਾਮ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਸਾਹਮਣੇ ਆ ਜਾਵੇਗੀ | ਫਿਰ ਪਤਾ ਲੱਗੇਗਾ ਕਿਹੜੇ ਭਲਵਾਨ ਮੁਕਾਬਲੇ 'ਚ ਰਹਿਣਗੇ |