ਰਾਏਕੋਟ, 5 ਦਸੰਬਰ (ਬਲਵਿੰਦਰ ਸਿੰਘ ਲਿੱਤਰ)-14 ਦਸੰਬਰ ਨੂੰ ਪੈ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਅੱਜ ਉਮੀਦਵਾਰਾਂ ਵੱਲੋਂ ਦਰਜ਼ ਕੀਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਰਾਏਕੋਟ ਬਲਾਕ ਸੰਮਤੀ 'ਚ ਇਕ ਉਮੀਦਵਾਰ ਦੇ ਕਾਗਜ਼ ਕਮੀ-ਪੇਸ਼ੀ ਹੋਣ ਕਾਰਨ ਰੱਦ ਹੋ ਗਏ,ਜਿਸ ਦੇ ਚਲਦੇ ਮੌਜ਼ਦੂਾ ਸਮੇਂ ਬਲਾਕ ਸੰਮਤੀ ਰਾਏਕੋਟ ਤੋਂ ਕੁੱਲ 114 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਚੋਣ ਵਿਭਾਗ ਕੋਲ ਜ਼ਮ੍ਹਾਂ ਹਨ, ਜਿਨ੍ਹਾਂ ਵਿਚੋਂ 6 ਦਸੰਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾਣ ਤੋਂ ਬਾਅਦ ਕਿੰਨੇ ਉਮੀਦਵਾਰ ਚੋਣ ਮੈਦਾਨ ਵਿਚ ਹਨ, ਇਹ ਸਥਿਤੀ ਸਪੱਸ਼ਟ ਹੋਵੇਗੀ | ਐਸ.ਡੀ.ਐਮ-ਕਮ-ਰਿਟਰਨਿੰਗ ਅਫ਼ਸਰ ਪਾਇਲ ਗੋਇਲ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਨ ਸੁਧਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕਵਰਿੰਗ ਉਮੀਦਵਾਰ ਜਸਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਕਾਗਜ਼ਾਂ ਵਿਚ ਪਾਰਟੀ ਵੱਲੋਂ ਭਰੇ ਫਾਰਮ ਵਿਚ ਨਾਮ ਦੀ ਕਟਿੰਗ ਹੋਣ ਕਾਰਨ ਨਾਮਜ਼ਦਗੀ ਪੱਤਰ ਰੱਦ ਹੋਇਆ ਹੈ, ਜਦਕਿ ਬਾਕੀ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਰੁਸਤ ਪਾਏ ਗਏ | ਰਿਟਰਨਿੰਗ ਅਫਸਰ ਰਾਏਕੋਟ ਪਾਇਲ ਗੋਇਲ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਬਲਾਕ ਸੰਮਤੀ ਰਾਏਕੋਟ ਲਈ ਸੱਤ੍ਹਾਧਾਰੀ ਧਿਰ ਆਮ ਆਦਮੀ ਪਾਰਟੀ ਦੇ 30 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ, ਕਾਂਗਰਸ ਪਾਰਟੀ ਵਲੋਂ ਕੁੱਲ 46 ਉਮੀਦਵਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 24 ਉਮੀਦਵਾਰਾਂ ਸਮੇਤ ਕਵਰਿੰਗ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਜਮ੍ਹਾ ਹਨ, ਜਦਕਿ ਇਸ ਵਾਰ ਸੰਮਤੀ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਕੁੱਲ 8 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ | ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਵਲੋਂ 1 ਉਮੀਦਵਾਰ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ, ਉਥੇ 6 ਆਜ਼ਾਦ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ | ਜਿਸ ਦੇ ਚਲਦੇ ਬਲਾਕ ਸੰਮਤੀ ਰਾਏਕੋਟ ਤੋਂ 115 ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਜਮ੍ਹਾ ਕਰਵਾਏ, ਜਿਨਾਂ ਦੇ 5 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 6 ਦਸੰਬਰ ਨੂੰ ਉਮੀਦਵਾਰਾਂ ਵਲੋਂ ਆਪਣੇ ਨਾਮ ਵਾਪਸ ਲਏ ਜਾ ਸਕਣਗੇ | ਜਿਸ ਉਪਰੰਤ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਚੋਣ ਨਿਸਾਨ ਅਲਾਟ ਕਰ ਦਿੱਤੇ ਜਾਣਗੇ |