ਰਾਏਕੋਟ, 7 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਫੇਰੂਰਾਈ ਵਲੋਂ ਇਕ ਲਾਵਾਰਿਸ ਤੇ ਮੰਦਬੁੱਧੀ ਵਿਅਕਤੀ ਨੂੰ ਸ਼ਰਨ ਦਿੱਤੀ ਗਈ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਪੰਚ ਜਸਵਿੰਦਰ ਸਿੰਘ ਨੱਥੋਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਨਗਰ ਨੱਥੋਵਾਲ ਵਿਖੇ ਪਿਛਲੇ 20 ਸਾਲਾਂ ਤੋਂ ਦਲੀਪ ਕੁਮਾਰ ਨਾਮਕ ਵਿਅਕਤੀ ਲਾਵਾਰਿਸ ਤੇ ਮੰਦਬੁੱਧੀ ਹਾਲਤ ਵਿਚ ਰਹਿੰਦਾ ਹੈ, ਜਦਕਿ ਉਸ ਦੇ ਪਾਲਣ-ਪੋਸ਼ਣ ਲਈ ਉਸ ਦੇ ਪਰਿਵਾਰ ਵਿਚ ਕੋਈ ਵੀ ਨਹੀਂ ਹੈ | ਜਿਸ ਦੀ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਦੇ ਮੋਹਤਵਰ ਵਿਅਕਤੀਆਂ ਦੇ ਸਹਿਯੋਗ ਨਾਲ ਉਕਤ ਦਲੀਪ ਕੁਮਾਰ ਦੀ ਸੁਚੱਜੀ ਸਾਂਭ-ਸੰਭਾਲ ਲਈ ਉਸਨੂੰ ਪ੍ਰਭ ਆਸਰਾ ਨਿਆਸਰਿਆਂ ਦਾ ਘਰ ਫੇਰੂਰਾਈ ਵਿਚ ਆਸਰਾ ਦੇਣ ਦਾ ਫ਼ੈਸਲਾ ਕੀਤਾ ਗਿਆ | ਜਿਸ 'ਤੇ ਗ੍ਰਾਮ ਪੰਚਾਇਤ ਵਲੋਂ ਪ੍ਰਭ ਆਸਰਾ ਕਮੇਟੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਸਥਿਤੀ ਤੋਂ ਜਾਣੂੰ ਕਰਵਾਇਆ | ਜਿਸ ਤਹਿਤ ਅੱਜ ਪ੍ਰਭ ਆਸਰਾ ਫੇਰੂਰਾਈ ਦੀ ਟੀਮ ਵਲੋਂ ਪੰਚਾਇਤ ਤੇ ਮੋਹਤਵਰਾਂ ਦੀ ਮੌਜੂਦਗੀ ਵਿਚ ਦਲੀਪ ਕੁਮਾਰ ਨੂੰ ਲਿਜਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਭ ਆਸਰਾ ਫੇਰੂਰਾਈ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਲੋੜਵੰਦ ਤੇ ਲਾਵਾਰਿਸ ਵਿਅਕਤੀਆਂ ਦੀ ਸੇਵਾ-ਸੰਭਾਲ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ | ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਨੱਥੋਵਾਲ, ਦਰਸ਼ਨ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |