ਹੰਬੜਾਂ, 18 ਦਸੰਬਰ (ਮੇਜਰ ਹੰਬੜਾਂ)-ਪੰਚਾਇਤ ਸੰਮਤੀ ਚੋਣਾਂ 'ਚ ਸਭ ਤੋਂ ਵੱਧ ਪੰਜਾਬ ਅੰਦਰ ਚਰਚਿਤ ਰਹੇ ਵਿਧਾਨ ਸਭਾ ਹਲਕਾ ਦਾਖਾ ਦੇ ਆਏ ਨਤੀਜਿਆਂ 'ਚ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਜਿੱਤ ਦੇ ਝੰਡੇ ਗੱਡਦਿਆਂ ਇਕ ਤੋਂ ਬਾਅਦ ਇਕ ਬਲਾਕ ਸੰਮਤੀ ਸੀਟਾਂ ਜਿੱਤਣ ਦੇ ਨਾਲ ਕੁੱਲ 17 ਬਲਾਕ ਸੰਮਤੀ ਸੀਟਾਂ 'ਤੇ ਹੂੰਝਾਫੇਰ ਜਿੱਤ ਦਰਜ ਕਰਦਿਆਂ ਵਿਰੋਧੀ ਪਾਰਟੀਆਂ ਨੂੰ ਚਿੱਤ ਕੀਤਾ, ਜਿਸ ਨੂੰ ਲੈ ਕੇ ਇਯਾਲੀ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਸੂਬੇ ਭਰ 'ਚ ਚਰਚਿਤ ਚੋਣ ਗਿਣੀ ਜਾ ਰਹੀ ਸੀ ਜਿੱਥੇ ਪੰਜਾਬ ਦੇ ਨਾਲ ਵਿਦੇਸ਼ਾਂ 'ਚ ਬੈਠੇ ਲੋਕਾਂ ਦੀ ਨਿਗ੍ਹਾ ਟਿਕੀ ਹੋਈ ਸੀ, ਜਿੱਥੇ ਹੋਏ ਚਹੁਕੋਣੀ ਸਖ਼ਤ ਮੁਕਾਬਲੇ 'ਚ ਸੱਤ੍ਹਾਧਾਰੀ ਪਾਰਟੀ ਦੇ ਉਮੀਦਵਾਰ ਸਮੇਤ ਕਾਂਗਰਸ ਅਤੇ ਅਕਾਲੀ ਦਲ ਦੇ ਉਮੀਦਾਵਰਾਂ ਨੂੰ ਪਛਾੜਦੇ ਹੋਏ ਇਯਾਲੀ ਦੀ ਹਮਾਇਤ ਪ੍ਰਾਪਤ ਕੈਨੇਡਾ ਤੋਂ ਆ ਕੇ ਆਜ਼ਾਦ ਉਮੀਦਾਵਰ ਵਜੋਂ ਚੋਣ ਲੜੇ ਗੁਰਮੀਤ ਸਿੰਘ ਹਾਂਸ ਦੇ ਚੋਣ ਜਿੱਤਣ ਅਤੇ ਉਨ੍ਹਾਂ ਨਾਲ ਜ਼ਿਆਦਾਤਰ ਬਲਾਕ ਸੰਮਤੀ ਉਮੀਦਵਾਰਾਂ ਦੇ ਚੋਣ ਜਿੱਤਣ ਨਾਲ ਤੇ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਜਿੱਤਣ 'ਤੇ ਇਯਾਲੀ ਸਮਰਥਕਾਂ 'ਚ ਖੁਸ਼ੀ ਦਾ ਦੀ ਲਹਿਰ ਪਾਈ ਜਾ ਰਹੀ ਹੈ ਤੇ ਪੰਜਾਬ ਹੀ ਨਹੀਂ ਬਲਕਿ ਸੰਸਾਰ ਭਰ 'ਚ ਵਿਧਾਇਕ ਇਯਾਲੀ ਦਾ ਕੱਦ ਹੋਰ ਵੱਡਾ ਹੋਇਆ ਹੈ | ਜ਼ੋਨ ਪੁੜੈਣ 'ਚ ਜਿੱਤ ਦਰਜ ਕਰਨ 'ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਗੁਰਮੀਤ ਸਿੰਘ ਹਾਂਸ, ਸਾਬਕਾ ਸਰਪੰਚ ਮਨਮੋਹਣ ਸਿੰਘ ਗਿੱਲ ਕੋਟਲੀ ਅਤੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਨੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਜਿੱਤ ਸਮੁੱਚੇ ਵੋਟਰਾਂ ਦੀ ਜਿੱਤ ਹੈ |