ਮੁੱਲਾਂਪੁਰ-ਦਾਖਾ, 20 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਸਮੇਂ ਵਿਧਾਨ ਸਭਾ ਹਲਕਾ ਰਾਏਕੋਟ ਅਧੀਨ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅਤੇ 17 ਪੰਚਾਇਤ ਸੰਮਤੀ ਜ਼ੋਨਾਂ 'ਤੇ ਕਾਂਗਰਸ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਵੋਟਰਾਂ ਦਾ ਫਤਵਾ ਕਾਂਗਰਸ ਦੀਆਂ ਨੀਤੀਆਂ ਅਤੇ ਪਿਛਲੇ ਕਾਰਜਕਾਲ ਦੌਰਾਨ ਹੋਏ ਵਿਕਾਸ ਦੀ ਜਿੱਤ ਹੈ | ਇਹ ਪ੍ਰਗਟਾਵਾ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਸੰਮਤੀ ਜ਼ੋਨ ਟੂਸਾ ਤੋਂ ਜੇਤੂ ਉਮੀਦਵਾਰ ਕੁਲਵਿੰਦਰ ਕੌਰ ਸਮੇਤ ਰਾਏਕੋਟ ਹਲਕੇ ਦੇ 17 ਸੰਮਤੀ ਅਤੇ 3 ਜ਼ਿਲ੍ਹਾ ਪ੍ਰੀਸ਼ਦ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕੀਤਾ | ਮੁੱਲਾਂਪੁਰ ਨੇ ਕਿਹਾ ਹਲਕਾ ਰਾਏਕੋਟ ਲਈ ਕਾਂਗਰਸ ਪਾਰਟੀ ਦੇ ਇੰਚਾਰਜ ਕਾਮਿਲ ਅਮਰ ਸਿੰਘ ਦੀ ਯੋਗ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਅਹੁਦੇਦਾਰ, ਵਰਕਰਾਂ ਦੀ ਮਿਹਨਤ ਨੂੰ ਬੂਰ ਪਿਆ ਹੈ | ਮੁੱਲਾਂਪੁਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੁਧਾਰ ਤੋਂ ਕਾਂਗਰਸ ਪਾਰਟੀ ਉਮੀਦਵਾਰ ਸਤਵੰਤ ਸਿੰਘ ਨੇ 347, ਜ਼ਿਲ੍ਹਾ ਪ੍ਰੀਸ਼ਦ ਬਿੰਜਲ ਤੋਂ ਸੁਖਭਿੰਦਰ ਸਿੰਘ ਝੋਰੜਾਂ 1692 ਵੋਟਾਂ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੱਖੋਵਾਲ ਤੋਂ ਕਾਂਗਰਸ ਪਾਰਟੀ ਉਮੀਦਵਾਰ ਰਾਜਵਿੰਦਰ ਕੌਰ ਬਰਾੜ ਨੇ 2192 ਦੀ ਲੀਡ ਲੈ ਕੇ ਜਿੱਤ ਹਾਸਲ ਕੀਤੀ, ਕਾਂਗਰਸੀ ਉਮੀਦਵਾਰਾਂ ਦਾ ਵੱਡੇ ਫਰਕ ਨਾਲ ਜਿੱਤਣਾ ਕਾਂਗਰਸ ਦੀ ਲੋਕਪਿ੍ਅਤਾ ਨੂੰ ਦਰਸਾਉਂਦਾ ਹੈ | ਮੁੱਲਾਂਪੁਰ ਨੇ ਕਿਹਾ ਕਿ ਇਸ ਜਿੱਤ ਨੇ ਸਪੱਸ਼ਟ ਕਰ ਦਿੱਤਾ ਕਿ ਹਲਕੇ ਦੇ ਲੋਕ ਸਾਲ 2022 ਵਿਚ ਹੋਈ ਗਲਤੀ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਮੁੜ ਨਹੀਂ ਦੁਹਰਾਉਣਗੇਂ | ਮੁੱਲਾਂਪੁਰ ਨੇ ਦਾਅਵਾ ਕੀਤਾ ਕਿ ਵੋਟਰਾਂ ਦੇ ਕਾਂਗਰਸ ਪ੍ਰਤੀ ਵਿਸ਼ਵਾਸ ਅਤੇ ਪਿਆਰ ਸਦਕਾ ਸਾਲ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ | ਇਥੇ ਜ਼ਿਕਰਯੋਗ ਹੈ ਕਿ ਜਿਥੇ ਮੈਂਬਰ ਪਾਰਲੀਮੈਂਟ ਡਾ: ਅਮਰ ਸਿੰਘ ਬੋਪਾਰਾਏ ਸੰਸਦ ਦੇ ਹਰ ਇਜਲਾਸ ਵਿਚ ਆਪਣੇ ਹਲਕੇ ਦੀਆਂ ਸਮੱਸਿਆਵਾਂ, ਹੋਰ ਅਹਿਮ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਦੇ ਆ ਰਹੇ ਹਨ, ਉਥੇ ਉਨ੍ਹਾਂ ਦੇ ਫਰਜ਼ੰਦ ਕਾਮਿਲ ਅਮਰ ਸਿੰਘ ਵਿਧਾਨ ਸਭਾ ਹਲਕਾ ਰਾਏਕੋਟ ਅੰਦਰ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ |