ਜਗਰਾਉਂ, 20 ਦਸੰਬਰ (ਗੁਰਦੀਪ ਸਿੰਘ ਮਲਕ)-ਆਪਣੇ ਮਾਸੂਮ ਦੋਸਤ ਦੀ ਪੈਸਿਆਂ ਦੀ ਖਾਤਰ ਹੱਤਿਆ ਕਰਨ ਵਾਲੇ ਹਤਿਆਰੇ ਨੂੰ ਜ਼ਿਲ੍ਹਾ ਸੈਸ਼ਨ ਅਦਾਲਤ ਵਲੋਂ ਜ਼ਿੰਦਗੀ ਭਰ ਕੈਦ 'ਚ ਰੱਖਣ ਦੀ ਸਜ਼ਾ ਦੇ ਨਾਲ-ਨਾਲ ਲੱਖਾਂ ਰੁਪਏ ਦਾ ਜੁਰਮਾਨਾ ਕੀਤਾ ਹੈ | ਇਸ ਸਬੰਧੀ ਲੁਧਿਆਣਾ ਜ਼ਿਲ੍ਹਾ ਸੈਸ਼ਨ ਅਦਾਲਤ ਦੇ ਜੱਜ ਸਨਦੀਪ ਸਿੰਘ ਬਾਜਵਾ ਵਲੋਂ 14 ਸਾਲਾਂ ਅਨਮੋਲ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਮਲਕ ਦੀ ਬੇਰਹਿਮੀ ਹੱਤਿਆ ਕਰਨ ਦੇ ਦੋਸ਼ 'ਚ ਦੋਸੀ ਗੁਰਵੀਰ ਸਿੰਘ ਉਰਫ਼ ਗੈਰੀ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਮਲਕ ਨੂੰ ਉਮਰ ਕੈਦ ਤੋਂ ਇਲਾਵਾ ਸਾਢੇ 4 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ, ਜਿਸ ਦੀ ਅਦਾਇਗੀ ਨਾ ਕਾਰਨ ਦੀ ਸੂਰਤ 'ਚ ਦੋਸ਼ੀ ਨੂੰ ਸਾਢੇ 3 ਸਾਲ ਹੋਰ ਸਜ਼ਾ ਭੁਗਤਣੀ ਹੋਵੇਗੀ | ਮਾਨਯੋਗ ਅਦਾਲਤ ਨੇ ਹੁਕਮਾਂ 'ਚ ਲਿਖਿਆ ਹੈ ਕਿ ਦੋਸ਼ੀ ਨੇ 20 ਲੱਖ ਰੁਪਏ ਦੇ ਲਾਲਚ 'ਚ ਮਾਸੂਮ ਬੱਚੇ ਨੂੰ ਵਰਗਲਾ ਕੇ ਅਗਵਾ ਕੀਤਾ ਅਤੇ ਬੱਚੇ ਦੇ ਪਿਤਾ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਆਪਣਾ ਭੇਦ ਖੁੱਲ੍ਹਦਾ ਦੇਖ ਕੇ ਅਨਮੋਲ ਸਿੰਘ ਦੀ ਹੱਤਿਆ ਕਰ ਦਿੱਤੀ ਅਤੇ ਸਬੂਤ ਮਿਟਾਉਣ ਲਈ ਬੱਚੇ ਦੀ ਲਾਸ਼ ਨੂੰ ਨਹਿਰ 'ਚ ਡੋਬ ਦਿੱਤਾ | ਵਰਨਣਯੋਗ ਹੈ ਕਿ 30 ਜੂਨ 2019 ਦੀ ਸ਼ਾਮ ਨੂੰ ਭੇਦਭਰੇ ਹਲਾਤਾਂ 'ਚ ਗੁੰਮ ਹੋਏ ਅਨਮੋਲ ਸਿੰਘ ਨੂੰ ਅਸਲ 'ਚ ਉਸ ਦੇ ਦੋਸਤ ਗੈਰੀ ਨੇ ਹੀ ਪੈਸਿਆਂ ਦੀ ਖਾਤਰ ਅਗਵਾ ਕੀਤਾ ਸੀ | ਜਿਸ ਦੀ ਉਸ ਸ਼ਾਮ ਨੂੰ ਹੀ ਨਹਿਰ 'ਚ ਸੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ | ਜਿਸ ਦਾ ਖੁਲਾਸਾ ਦੋਸ਼ੀ ਦੇ ਮੋਬਾਈਲ ਦੀ ਲੋਕੇਸ਼ਨ ਮਿਲਣ ਤੋਂ ਬਾਅਦ ਪੁਲਿਸ ਵਲੋਂ ਕੀਤੀ ਸਖ਼ਤੀ ਨਾਲ ਪੁੱਛਗਿੱਛ ਤੋਂ ਬਾਅਦ ਖੁਦ ਦੋਸ਼ੀ ਨੇ ਪੁਲਿਸ ਕੋਲ ਕੀਤਾ | ਮਿ੍ਤਕ ਅਨਮੋਲ ਦੇ ਹਰਦੀਪ ਸਿੰਘ ਕਾਲੀ ਨੇ ਘਟਨਾ ਤੋਂ ਕੁਝ ਦਿਨ ਪਹਿਲਾ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ ਪੈਸਿਆਂ ਦਾ ਪ੍ਰਬੰਧ ਕਰਨ ਲਈ ਜ਼ਮੀਨ ਵੇਚੀ ਸੀ | ਜਿਸ ਦੀ ਜਾਣਕਾਰੀ ਦੋਸ਼ੀ ਗੈਰੀ ਰਾਏ ਨੂੰ ਸੀ | ਜਿਸ ਦੀ ਪੈਸਿਆਂ ਉੱਪਰ ਅੱਖ ਸੀ, ਜਿਸ ਨੇ ਉਕਤ ਰਕਮ ਨੂੰ ਪ੍ਰਾਪਤ ਕਰਨ ਲਈ ਹਰਦੀਪ ਸਿੰਘ ਦੇ ਇਕਲੌਤੇ ਪੁੱਤਰ ਅਨਮੋਲ ਜੋ ਕਿ ਦੋਸ਼ੀ ਗੈਰੀ ਰਾਏ ਦਾ ਸਭ ਤੋਂ ਕਰੀਬੀ ਦੋਸਤ ਸੀ ਨੂੰ ਅਗਵਾ ਕਰਨ ਦੀ ਸਕੀਮ ਬਣਾਈ | ਬਣਾਈ ਯੋਜਨਾ ਤਹਿਤ ਉਹ ਮਾਸੂਮ ਅਨਮੋਲ ਨੂੰ ਕਿਸੇ ਤਰ੍ਹਾਂ ਆਪਣੇ ਨਾਲ ਲੈ ਗਿਆ ਅਤੇ ਕੁਝ ਸਮੇਂ ਬਆਦ ਉਸ ਨੇ ਮੋਬਾਈਲ ਐਪ ਰਾਹੀਂ ਅਨਮੋਲ ਦੇ ਪਿਤਾ ਨੂੰ ਮੈਸਿਜ ਕਰਕੇ 20 ਲੱਖ ਰੁਪਏ ਦੀ ਮੰਗ ਰੱਖੀ ਅਤੇ ਪੁਲਿਸ ਨੂੰ ਦੱਸਣ ਦੀ ਸੂਰਤ ਅਨਮੋਲ ਦੀ ਹੱਤਿਆ ਕਰਨ ਦੀ ਧਮਕੀ ਦਿੱਤੀ ਅਤੇ ਦੋਸ਼ੀ ਅਨਮੋਲ ਨੂੰ ਨਾਲ ਲੈ ਕੇ ਅਖਾੜਾ ਨਹਿਰ ਦੀ ਪਟੜੀ 'ਤੇ ਲੈ ਕੇ ਘੁੰਮਦਾ ਰਿਹਾ | ਅਖੀਰ ਬੱਚੇ ਨੂੰ ਬੇਰਹਿਮੀ ਨਾਲ ਮਾਰ ਕੇ ਨਹਿਰ 'ਚ ਸੁੱਟ ਦਿੱਤਾ ਅਤੇ ਆਪ ਪਿੰਡ ਆ ਗਿਆ | ਇਸ ਤੋਂ ਬਾਅਦ ਦੋਸ਼ੀ ਗੁੰਮ ਹੋਏ ਅਨਮੋਲ ਨੂੰ ਪਿੰਡ ਵਾਸੀਆਂ ਨਾਲ ਮਿਲਕੇ ਖੇਤਰ 'ਚ ਲੱਭਦਾ ਰਿਹਾ ਅਤੇ ਅਨਮੋਲ ਦੀ ਗੁੰਮਸ਼ੁੰਦਗੀ ਰਪਟ ਲਿਖਵਾਉਣ ਲਈ ਵੀ ਖੁਦ ਬੱਚੇ ਦੇ ਪਰਿਵਾਰ ਨਾਲ ਪੁਲਿਸ ਥਾਣੇ ਗਿਆ | ਜਿਸ ਉੱਪਰ ਪਰਿਵਾਰ ਨੂੰ ਸ਼ੱਕ ਪੈ ਗਿਆ, ਪਰ ਇਸ ਦੇ ਬਾਵਜੂਦ ਦੋਸ਼ੀ ਲਗਾਤਾਰ 2 ਦਿਨ ਪੁਲਿਸ ਦੇ ਅੱਖੀਂ ਘੱਟਾ ਪਾਉਂਦਾ ਰਿਹਾ ਅਤੇ 3 ਜੁਲਾਈ 2019 ਨੂੰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ | ਜਿਸ ਨੇ ਪੁਲਿਸ ਵਲੋਂ ਕੀਤੀ ਸਖ਼ਤੀ ਨਾਲ ਪੁੱਛਗਿੱਛ ਤੋਂ ਬਆਦ ਆਪਣਾ ਜੁਰਮ ਕਬੂਲ ਕਰ ਲਿਆ | ਮਿ੍ਤਕ ਅਨਮੋਲ ਸਿੰਘ ਗੁਰਸਿੱਖ ਅੰਮਿ੍ਤਧਾਰੀ ਬਹੁਤ ਹੀ ਪਿਆਰਾ ਬੱਚਾ ਸੀ, ਜੋ ਸੈਕਰਡ ਹਾਰਟ ਕਾਨਵੈਂਟ ਸਕੂਲ 'ਚ 7ਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਬਹੁਤ ਹੀ ਹੁਸ਼ਿਆਰ ਅਤੇ ਆਗਿਆਕਾਰੀ ਬੱਚਾ ਸੀ | ਅਨਮੋਲ 3 ਭੈਣਾਂ ਦਾ ਇਕਲੌਤਾ ਛੋਟਾ ਭਰਾ ਸੀ |