ਚੌਂਕੀਮਾਨ, 20 ਦਸੰਬਰ (ਤੇਜਿੰਦਰ ਸਿੰਘ ਚੱਢਾ)-ਜਗਰਾਉਂ ਨੇੜੇ ਸੀ.ਟੀ. ਯੂਨੀਵਰਸਿਟੀ ਚੌਂਕੀਮਾਨ 'ਚ ਦਿੱਲੀ ਪੁਲਿਸ ਲਈ ਵੱਖ-ਵੱਖ ਸੂਬਿਆਂ 'ਚੋਂ ਪੇਪਰ ਦੇਣ ਆਏ ਪ੍ਰੀਖਿਆਰਥੀਆਂ ਨੂੰ ਬਿਨ੍ਹਾਂ ਪੇਪਰ ਦਿੱਤੇ ਬੇਰੰਗ ਵਾਪਿਸ ਪਰਤਣਾ ਪਿਆ | ਇਸ ਗੱਲ ਨੂੰ ਲੈ ਕੇ ਪ੍ਰੀਖਿਆਰਥੀਆਂ ਵਿਚ ਸਖ਼ਤ ਰੋਸ ਦੇਖਣ ਨੂੰ ਮਿਲਿਆ ਤੇ ਉਨ੍ਹਾਂ ਯੂਨੀਵਰਸਿਟੀ ਦੇ ਪ੍ਰਮੁੱਖ ਦੁਆਰ ਅੱਗੇ ਸ਼ਾਂਤਮਈ ਢੰਗ ਨਾਲ ਰੋਸ ਜ਼ਾਹਿਰ ਕੀਤਾ | ਇਸ ਮੌਕੇ ਪ੍ਰੀਖਿਆਰਥੀਆਂ ਨੇ ਅਚਨਚੇਤ ਰੱਦ ਹੋਏ ਪੇਪਰ ਲਈ ਭਾਰਤ ਸਰਕਾਰ ਦੇ ਸਟਾਫ਼ ਸਿਲੈਕਸਨ ਕਮਿਸ਼ਨ ਖਿਲਾਫ਼ ਸਖ਼ਤ ਨਰਾਜ਼ਗੀ ਜਾਹਿਰ ਕੀਤੀ ਹੈ | ਹਿਸਾਰ ਦੀ ਤਮੰਨਾ ਤੇ ਅਲਕਾ ਖੰਨਾ ਨੇ ਆਖਿਆ ਕਿ ਵੱਖ-ਵੱਖ ਸੂਬਿਆਂ 'ਚੋਂ ਅੱਤ ਦੀ ਠੰਢ ਵਿਚ ਸਮੇਂ ਸਿਰ ਬੜੀ ਮੁਸ਼ਕਿਲ ਨਾਲ ਪਹੁੰਚੇ ਹਨ ਤੇ ਜਦੋਂ ਉਹ ਪ੍ਰੀਖਿਆ ਕੇਂਦਰ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਪੇਪਰ ਰੱਦ ਕਰ ਦਿੱਤਾ ਤੇ ਇਸ ਪੇਪਰ ਦੀ ਅਗਲੀ ਤਾਰੀਖ ਤੱਕ ਉਡੀਕ ਕਰਨ ਦੀ ਗੱਲ ਆਖ ਦਿੱਤੀ | ਉਨ੍ਹਾਂ ਆਖਿਆ ਇਸ ਪੇਪਰ ਲਈ 120 ਪ੍ਰੀਖਿਆਰਥੀ ਵੱਖ-ਵੱਖ ਸੂਬਿਆਂ 'ਚੋਂ ਸੈਂਕੜੇ ਮੀਲਾਂ ਦਾ ਸਫ਼ਰ ਤਹਿ ਕਰਕੇ ਪੁੱਜੇ ਹਨ, ਪ੍ਰੰਤੂ ਪੇਪਰ ਰੱਦ ਹੋਣ ਸਬੰਧੀ ਅਗਾਊਾ ਸੂਚਨਾ ਨਾ ਦੇਣ ਕਰਕੇ ਜਿੱਥੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਉੱਥੇ ਹੀ ਉਨ੍ਹਾਂ ਦਾ ਆਰਥਿਕ ਤੌਰ 'ਤੇ ਵੀ ਵੱਡਾ ਨੁਕਸਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਪੇਪਰ ਸ਼ੁਰੂ ਹੋਣ ਦਾ ਸਮਾਂ ਸਵੇਰੇ 9 ਵਜੇ ਸੀ, ਪ੍ਰੰਤੂ ਪੇਪਰ ਰੱਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਫੀਸ਼ਲ ਮੈਸੇਜ 11 ਵਜੇ ਮਿਲਿਆ ਹੈ | ਇਸ ਸੰਬੰਧੀ ਜਦੋਂ ਯੂਨੀਵਰਸਿਟੀ ਦੇ ਸਟੂਡੈਂਟਸ ਵੈਲਫੇਅਰ ਇੰਚਾਰਜ ਦਵਿੰਦਰ ਸਿੰਘ ਨੇ ਇਸ ਮਾਮਲੇ ਵਿਚ ਯੂਨੀਵਰਸਿਟੀ ਦੀ ਭਾਗੀਦਾਰੀ ਤੋਂ ਇਨਕਾਰ ਕੀਤਾ ਹੈ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਤਾਂ ਸਬੰਧਿਤ ਵਿਭਾਗ ਨੂੰ ਕੇਂਦਰ ਲਈ ਥਾਂ ਮੁਹੱਈਆ ਕਰਵਾਈ ਗਈ ਸੀ ਤੇ ਪੇਪਰ ਖਾਰਿਜ ਕਰਨ ਦਾ ਫੈਸਲਾ ਸਬੰਧਿਤ ਵਿਭਾਗ ਦਾ ਹੈ | ਉਨ੍ਹਾਂ ਕਿਹਾ ਕਿ ਪੇਪਰ ਰੱਦ ਹੋਣ ਬਾਰੇ ਸਬੰਧਿਤ ਅਧਿਕਾਰੀ ਹੀ ਦੱਸ ਸਕਦੇ ਹਨ |
ਦਿੱਲੀ ਪੁਲਿਸ ਦਾ ਪੇਪਰ ਦੇਣ ਆਏ ਪ੍ਰੀਖਿਆਰਥੀ ਬੇਰੰਗ ਮੁੜੇ,ਵੱਖ-ਵੱਖ ਸੂਬਿਆਂ 'ਚੋਂ 120 ਪ੍ਰੀਖਿਆਰਥੀਆਂ ਦਾ ਪੇਪਰ ਹੋਇਆ ਰੱਦ
ਅਜੀਤ ਡੈਸਕ
21-12-2025