ਜਗਰਾਉਂ, 22 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤ ਦੇ ਚੀਫ ਆਫ ਜਸਟਿਸ ਵਲੋਂ ਦੇਸ਼ ਭਰ 'ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ 6 ਦਸੰਬਰ ਤੋਂ 6 ਜਨਵਰੀ ਤੱਕ ਜਾਰੀ ਰਹੇਗੀ | ਪੰਜਾਬ ਵਿਚ ਜਿੱਥੇ ਸਾਰੇ ਜੱਜਾਂ ਵਲੋਂ ਇਸ ਮੁਹਿੰਮ 'ਚ ਸ਼ਮੂਲੀਅਤ ਕੀਤੀ ਜਾ ਰਹੀ ਹੈ, ਉੱਥੇ ਜਗਰਾਉਂ ਦੀ ਸੀਨੀਅਰ ਜੱਜ ਬਲਵਿੰਦਰ ਕੌਰ ਧਾਲੀਵਾਲ ਦੀ ਅਗਵਾਈ ਹੇਠ ਪੰਜ ਜੂਨੀਅਰ ਜੱਜਾਂ, ਬਾਰ ਐਸੋਸੀਏਸ਼ਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਲੱਡ ਡੋਨਰ ਸੰਸਥਾ, ਲਾਇਨ ਕਲੱਬ, ਕਰ ਭਲਾ ਹੋ ਭਲਾ ਸੰਸਥਾ ਤੇ ਪੁਲਿਸ ਦੇ ਸਹਿਯੋਗ ਨਾਲ ਤਹਿਸੀਲ ਕੰਪਲੈਕਸ ਤੋਂ ਸੀਨੀਅਰ ਸੈਕੰਡਰੀ ਸਕੂਲ ਤੱਕ ਕੱਢੀ ਗਈ | ਇਸ ਮੌਕੇ ਸੀਨੀਅਰ ਜੱਜ ਮੈਡਮ ਬਲਵਿੰਦਰ ਕੌਰ ਨੇ ਕਿਹਾ ਕਿ ਇਹ ਭਾਰਤ ਦੇ ਚੀਫ ਜਸਟਿਸ ਦਾ ਚੰਗਾ ਉਪਰਾਲਾ ਹੈ, ਇਸ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਉੱਚ ਅਤੇ ਤਕਨੀਕੀ ਵਿੱਦਿਆ ਹਾਸਲ ਕਰਕੇ ਵੱਡੇ ਅਹੁਦਿਆਂ 'ਤੇ ਜਾਣ ਲਈ ਪ੍ਰੇਰਿਆ ਜਾ ਰਿਹਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਤੇ ਅਨੁਸ਼ਾਸਨ 'ਚ ਰਹਿਣ ਲਈ ਕਿਹਾ | ਉਨ੍ਹਾਂ ਕਿਹਾ ਕਿ ਚੰਗੇ ਨਾਗਰਿਕ ਬਣ ਕੇ ਅਸੀਂ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾ ਸਕਦੇ ਹਾਂ ਅਤੇ ਦੇਸ਼ ਦਾ ਨਾਂਅ ਉੱਚਾ ਕਰ ਸਕਦੇ ਹਾਂ | ਜੱਜਾਂ ਦੇ ਇਸ ਸਮਾਗਮ 'ਚ ਸ਼ਮੂਲੀਅਤ ਕਰਨ 'ਤੇ ਵਿਦਿਆਰਥੀ ਵੀ ਫਖ਼ਰ ਮਹਿਸੂਸ ਕਰ ਰਹੇ ਸਨ, ਕਿਉਂਕਿ ਉਨ੍ਹਾਂ ਨੂੰ ਜੱਜਾਂ ਤੇ ਵਕੀਲਾਂ ਦੇ ਨੇੜੇ ਹੋਣ ਦਾ ਮੌਕਾ ਮਿਲਿਆ | ਇਸ ਮੌਕੇ ਪਿ੍ੰਸੀਪਲ ਡਾ: ਗੁਰਵਿੰਦਰਜੀਤ ਸਿੰਘ, ਪਿ੍ੰਸੀਪਲ ਰੁਪਿੰਦਰ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਖੁਦ ਨਸ਼ਿਆਂ ਤੋਂ ਦੂਰ ਰਹਿਣ ਅਤੇ ਦੂਸਰਿਆਂ ਨੂੰ ਵੀ ਨਸ਼ਿਆਂ ਦੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੈਡਮ ਨੇਹਾ ਜਿੰਦਲ, ਮੈਡਮ ਸਾਕਸ਼ੀ ਚੌਧਰੀ, ਮੈਡਮ ਆਗਿਆਪਾਲ ਕੌਰ, ਮੈਡਮ ਰਿਫੀ ਭੱਟੀ (ਚਾਰੇ ਜੂਨੀਅਰ ਜੱਜ), ਰਾਜਨ ਖੁਰਾਣਾ, ਸੁਨੀਲ ਮੱਕੜ, ਰਾਜਿੰਦਰ ਜੈਨ, ਧਰਮਿੰਦਰ ਸਿੰਘ, ਦਿਨੇਸ਼ ਗਾਂਧੀ, ਗੌਰਵ ਗੁਪਤਾ, ਐੱਸ.ਐੱਚ.ਓ. ਪਰਮਿੰਦਰ ਸਿੰਘ, ਐਡਵੋਕੇਟ ਸਾਹਿਲ ਟੰਡਨ ਆਦਿ ਹਾਜ਼ਰ ਸਨ | ਇਸ ਮੌਕੇ ਅਮਰਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਲੜੀ ਤਹਿਤ ਜਿੱਥੇ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ, ਉੱਥੇ ਨੁੱਕੜ ਨਾਟਕ, ਖ਼ੂਨਦਾਨ ਕੈਂਪ ਅਤੇ ਭਾਸ਼ਣਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਮੌਕੇ ਅਮਰਿੰਦਰ ਸਿੰਘ ਸਿੱਧੂ, ਜਗਦੇਵ ਸਿੰਘ ਰਾਜੋਆਣਾ, ਪ੍ਰਧਾਨ ਸਤਿੰਦਰ ਸਿੰਘ ਸਿੱਧੂ, ਅਮਰਪਾਲ ਸਿੰਘ, ਕਰਮ ਸਿੰਘ ਸਿੱਧੂ, ਸਤਿੰਦਰਪਾਲ ਸਿੰਘ ਗਿੰਦਰਾ, ਰਾਜਿੰਦਰ ਸਿੰਘ ਸੰਧੂ (ਸਾਰੇ ਵਕੀਲ) ਆਦਿ ਹਾਜ਼ਰ ਸਨ |