ਸਿੱਧਵਾਂ ਬੇਟ, 23 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੋਂ ਕੁਝ ਦਿਨ ਪਹਿਲਾਂ ਮਾਈਨਿੰਗ ਵਿਭਾਗ ਦੀ ਸ਼ਹਿ 'ਤੇ ਇਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਜਗਰਾਉਂ-ਜਲੰਧਰ ਮਾਰਗ 'ਤੇ ਬਣੇ ਪੁਲ ਦੇ ਪੱਛਮ ਵਾਲੇ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਮੱਧੇਪੁਰਾ ਦੀਆਂ ਨਾਜਾਇਜ਼ ਖੱਡਾਂ ਵਿਚ ਰੇਤ ਮਾਫੀਏ ਦੇ ਲੋਕਾਂ ਵਲੋਂ ਹਾਕਮ ਧਿਰ ਦੀ ਸ਼ਹਿ 'ਤੇ 'ਜਿਸ ਦਾ ਖੇਤ, ਉਸ ਦੀ ਰੇਤ' ਦੇ ਨਾਂਅ ਹੇਠ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਸਦਕਾ ਜਿੱਥੇ ਬਦਲਾਅ ਵਾਲੀ ਮਾਨ ਸਰਕਾਰ ਨੂੰ ਰੋਜ਼ਾਨਾ ਲੱਖਾਂ ਦਾ ਚੂਨਾ ਲੱਗ ਰਿਹਾ ਹੈ, ਉੱਥੇ ਸਤਲੁਜ ਦਰਿਆ ਦਾ ਬਦਲ ਰਿਹਾ ਰੁੱਖ ਵੀ ਆਉਣ ਵਾਲੇ ਸਮੇਂ ਵਿਚ ਦਰਿਆ ਲਾਗਲੇ ਪਿੰਡਾਂ ਨੂੰ ਵਕਤ ਵਿਚ ਪਾ ਸਕਦਾ ਹੈ ਪਰ ਮਾਈਨਿੰਗ ਵਿਭਾਗ ਚੋਣ ਨਤੀਜਿਆਂ ਤੋਂ ਬਾਅਦ ਵੀ ਇਕ ਤਰ੍ਹਾਂ ਨਾਲ ਕੁੰਭਕਰਨੀ ਨੀਂਦ ਸੁੱਤਾ ਪਿਆ ਵਿਖਾਈ ਦੇ ਰਿਹਾ ਹੈ | ਭਾਵੇਂ ਚੋਣਾਂ ਤੋਂ ਐਨ ਪਹਿਲਾਂ ਦਰਿਆ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਰੁਕਵਾਉਣ ਲਈ ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਸਮੇਤ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਜਥੇਬੰਦੀਆਂ ਵਲੋਂ ਰੇਤ ਮਾਫੀਏ ਦੇ ਖਿਲਾਫ਼ ਧਰਨਾ ਲਗਾ ਕੇ ਜਲੰਧਰ-ਜਗਰਾਉਂ ਮਾਰਗ ਨੂੰ ਕਈ ਘੰਟੇ ਬੰਦ ਵੀ ਰੱਖਿਆ ਸੀ, ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਅਤੇ ਹੁਣ ਫਿਰ ਰੋਜ਼ਾਨਾ ਹੋ ਰਹੀ ਨਾਜਾਇਜ਼ ਮਾਈਨਿੰਗ ਦੀਆਂ ਤਸਵੀਰਾਂ ਸੋਸ਼ਲ ਮੀਡੀਏ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਅਤੇ ਇਕ ਹਰਜਿੰਦਰ ਕੁਮਾਰ ਨਾਮੀ ਵਿਅਕਤੀ ਨੇ ਡਰੇਨਜ਼ ਵਿਭਾਗ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਰੇਤ ਮਾਫੀਏ ਦੇ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਜਿਸ ਦਾ ਅਸਰ ਹੁੰਦਾ ਹੈ ਜਾਂ ਨਹੀਂ ਇਸ ਦਾ ਆਉਣ ਵਾਲਾ ਸਮਾ ਹੀ ਦੱਸੇਗਾ, ਪਰ ਇਸ ਸੰਬੰਧੀ ਜਦੋਂ ਡਰੇਨਜ਼ ਵਿਭਾਗ ਦੇ ਇਕ ਜੇ.ਈ. ਨਾਲ ਗੱਲ ਕੀਤੀ ਤਾਂ ਉਨ੍ਹਾਂ ਪਹਿਲਾਂ ਵਾਂਗ ਹੀ ਆਖ ਦਿੱਤਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ | ਜਦਕਿ ਪੁਲਿਸ ਵਿਭਾਗ ਪਹਿਲਾਂ ਹੀ ਇਹ ਆਖ ਕੇ ਆਪਣਾ ਪੱਲਾ ਝਾੜ ਚੁੱਕਾ ਹੈ ਕਿ ਜਦੋਂ ਵੀ ਮਾਈਨਿੰਗ ਵਿਭਾਗ ਸਾਨੂੰ ਕਿਸੇ ਖ਼ਿਲਾਫ਼ ਸ਼ਿਕਾਇਤ ਕਰੇਗਾ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ |