ਹੰਬੜਾਂ, 25 ਦਸੰਬਰ (ਮੇਜਰ ਹੰਬੜਾਂ)-ਘਰੇਲੂ ਗੈਸ ਸਿਲੰਡਰਾਂ ਦੀ ਚੱਲ ਰਹੀ ਕਮੀ ਕਾਰਨ ਸਿਲੰਡਰ ਲੈਣ ਵਾਲੇ ਖ਼ਪਤਕਾਰਾਂ ਦੀਆਂ ਗੈਸ ਏਜੰਸੀ 'ਚ ਲਾਈਨਾਂ ਲੱਗਣ ਲੱਗੀਆਂ ਹਨ ਤੇ ਉਨ੍ਹਾਂ ਨੂੰ ਗੈਸ ਸਿਲੰਡਰ ਲੈਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਦੋਂ ਕਸਬਾ ਹੰਬੜਾਂ ਦੀ ਝੱਜ ਐੱਚ.ਪੀ ਗੈਸ ਏਜੰਸੀ 'ਚ ਜਾ ਕੇ ਦੇਖਿਆ ਤਾਂ ਖ਼ਪਤਕਾਰਾਂ ਦਾ ਭਾਰੀ ਰਸ ਦੇਖਣ ਨੂੰ ਮਿਲਿਆ ਤੇ ਲੋਕ ਗੈਸ ਸਿਲੰਡਰ ਲੈਣ ਲਈ ਏਜੰਸੀ 'ਚ ਵੱਡੀ ਗਿਣਤੀ 'ਚ ਇਕੱਤਰ ਹੋਏ ਸਨ | ਦੇਖਿਆ ਜਾਵੇ ਤਾਂ ਹੰਬੜਾਂ 'ਚ ਘਰੇਲੂ ਗੈਸ ਦੀ ਸਪਲਾਈ ਦੇਣ ਵਾਲੀਆਂ ਸਾਰੀਆਂ ਹੀ ਏਜੰਸੀਆਂ 'ਚ ਗੈਸ ਸਿਲੰਡਰ ਦੀ ਕਿੱਲਤ ਪਾਈ ਜਾ ਰਹੀ ਤੇ ਲੋਕਾਂ ਨੂੰ ਗੈਸ ਸਿਲੰਡਰ ਬੁੱਕ ਕਰਵਾਏ ਜਾਣ ਦੇ ਬਾਵਜੂਦ ਵੀ ਨਹੀਂ ਮਿਲ ਰਹੇ ਤੇ ਉੱਤੋਂ ਠੰਡ ਦਾ ਮੌਸਮ ਹੋਣ ਕਾਰਨ ਘਰੇਲੂ ਗੈਸ ਸਿਲੰਡਰਾਂ ਦੀ ਲਾਗਤ 'ਚ ਵੀ ਵਾਧਾ ਹੋ ਚੁੱਕਾ ਹੈ ਤੇ ਲੋਕਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਪ੍ਰੇਸ਼ਾਨੀ 'ਚੋਂ ਗੁਜ਼ਰਨਾ ਪੈ ਰਿਹਾ ਹੈ | ਇਸ ਸਬੰਧੀ ਜਦੋਂ ਝੱਜ ਐੱਚ.ਪੀ. ਗੈਸ ਏਜੰਸੀ ਮਾਲਕ ਜਗਜੀਵਨ ਸਿੰਘ ਝੱਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੱਛੇ ਦੋ ਗੈਸ ਸਪਲਾਈ ਦੇਣ ਵਾਲੇ ਪਲਾਂਟਾਂ ਦੀ ਸਫ਼ਾਈ ਚੱਲ ਰਹੀ ਸੀ, ਜਿਸ ਕਾਰਨ ਪਲਾਂਟ ਬੰਦ ਰਹੇ ਹਨ ਤੇ ਹੁਣ ਉੱਥੇ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਇਕ ਦੋ ਦਿਨਾਂ 'ਚ ਸਭ ਠੀਕ ਹੋ ਜਾਵੇਗਾ ਤੇ ਲੋਕਾਂ ਨੂੰ ਨਿਰੰਤਰ ਗੈਸ ਸਿਲੰਡਰ ਮਿਲਣੇ ਸ਼ੁਰੂ ਹੋ ਜਾਣਗੇ | ਝੱਜ ਨੇ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣਾ ਗੈਸ ਸਿਲੰਡਰ ਬੁੱਕ ਜ਼ਰੂਰ ਕਰਵਾਉਣ, ਕਿਉਂਕਿ ਬਿਨਾਂ ਬੂਕਿੰਗ ਦੇ ਗੈਸ ਸਿਲੰਡਰ ਨਹੀਂ ਮਿਲੇਗਾ | ਜਿਸ ਸਬੰਧੀ ਲੋਕ ਏਜੰਸੀ ਵਿਖੇ ਪੁੱਜ ਕੇ ਮੁਲਾਜ਼ਮਾਂ ਨਾਲ ਆਮ ਹੀ ਝਗੜਾ ਕਰਦੇ ਹਨ ਜੋ ਕਿ ਠੀਕ ਨਹੀਂ ਹੈ |