ਜਗਰਾਉਂ, 28 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਦਸਮੇਸ਼ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਹਰ ਸਾਲ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਵਲੋਂ ਕਰਵਾਏ ਜਾਂਦੇ ਹਨ | ਇਸ ਵਾਰ ਵੀਂ 15 ਰੋਜ਼ਾ ਸਮਾਗਮ ਉਲੀਕੇ ਗਏ, ਜੋ ਸੰਗਤਾਂ ਦੇ ਘਰਾਂ ਵਿਚ ਹੋਏ ਤੇ ਵੱਡੀ ਗਿਣਤੀ ਵਿਚ ਸੰਗਤਾਂ ਰੋਜ਼ਾਨਾਂ ਲਾਹੇ ਲੈਂਦੀਆਂ ਰਹੀਆਂ | ਇਹ ਸਾਰੇ ਸਮਾਗਮ ਖੁੱਲੇ ਅਸਮਾਨ ਥੱਲੇ ਕਰਵਾਏ ਗਏ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ | ਜਦੋਂ ਕਥਾ-ਵਾਚਕ ਭਾਈ ਹਰਪ੍ਰੀਤ ਸਿੰਘ ਨੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਠੰਡੇ ਬੁਰਜ ਵਿਚ ਕੈਦ ਕਥਾ ਦਾ ਜ਼ਿਕਰ ਕਰ ਰਹੇ ਸਨ ਤਾਂ ਉਨ੍ਹਾਂ ਪਲਾਂ ਨੂੰ ਯਾਦ ਕਰਦਿਆਂ ਸੰਗਤਾਂ ਨੇ ਮਹਿਸੂਸ ਕੀਤਾ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਦਸਮੇਸ਼ ਪਿਤਾ ਜੀ ਦੀ ਕੁਰਬਾਨੀ ਨੂੰ ਯਾਦ ਰੱਖਣਾ ਸਾਡਾ ਫਰਜ਼ ਹੈ | ਸੁਸਾਇਟੀ ਮੈਂਬਰ ਪ੍ਰਤਾਪ ਸਿੰਘ ਨੇ ਸਟੇਜ਼ ਸਕੱਤਰ ਦੀ ਡਿਊਟੀ ਨਿਭਾਉਂਦਿਆਂ ਕਿਹਾ ਕਿ ਜਦੋਂ ਸੰਸਾਰ ਦਾਦੀ-ਪੋਤਿਆਂ ਦੀ ਗੱਲ ਕਰੇਗਾ ਤਾਂ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਦਾ ਜਿਕਰ ਸਨਮਾਨ ਨਾਲ ਕੀਤਾ ਜਾਵੇਗਾ ਅਤੇ ਸਮੂਹ ਸੰਗਤਾਂ, ਸੁਸਾਇਟੀ ਮੈਂਬਰਾਂ, ਪ੍ਰਸਿੱਧ ਰਾਗੀ ਜੱਥਾ ਭਾਈ ਮਨਜਿੰਦਰ ਸਿੰਘ, ਪ੍ਰਸਿੱਧ ਵਿਦਵਾਨ ਭਾਈ ਹਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ |