ਉੜਾਪੜ/ਲਸਾੜਾ, 3 ਜੂਨ (ਲਖਵੀਰ ਸਿੰਘ ਖੁਰਦ)-ਪਿਛਲੇ ਦਿਨੀਂ ਆਏ ਭਾਰੀ ਤੂਫਾਨ ਸਮੇਂ ਨਵਾਂਸ਼ਹਿਰ-ਫਿਲੌਰ ਸੜਕ 'ਤੇ ਪਿੰਡ ਖੁਰਦ ਦੇ ਮੇਨ ਗੇਟ ਕੋਲ ਕਿਸਾਨ ਪਰਵਿੰਦਰ ਸਿੰਘ ਅਤੇ ਸਰਬਜੋਤ ਸਿੰਘ ਦੀ ਮੱਕੀ ਦੀ ਫ਼ਸਲ ਉਸ ਸਮੇਂ ਅੱਗ ਦੇ ਸੇਕ ਨਾਲ ਝੁਲਸ ਗਈ ਜਦੋਂ ਲੋਕਾਂ ਵਲੋਂ ਸੜਕ ਕਿਨਾਰੇ ਘਰਾਂ ਦੇ ਸੁੱਟੇ ਕੂੜੇ ਕਰਕਟ ਨੂੰ ਅੱਗ ਪੈ ਗਈ | ਜਾਣਕਾਰੀ ਦਿੰਦਿਆਂ ਉਕਤ ਕਿਸਾਨਾਂ ਨੇ ਦੱਸਿਆ ਕਿ ਨਰੇਗਾ ਦੀ ਲੇਬਰ ਵਲੋਂ ਨਹਿਰ ਦੀ ਸਫਾਈ ਸਮੇਂ ਘਾਹ ਫੂੁਸ ਨੂੰ ਲਾਈ ਅੱਗ ਤੇਜ਼ ਹਨੇਰੀ ਕਾਰਨ ਸੜਕ ਵੱਲ ਵੱਧ ਗਈ ਅਤੇ ਸੜਕ ਦੀ ਦੂਜੀ ਸਾਈਡ 'ਤੇ ਲੋਕਾਂ ਵਲੋਂ ਆਪਣਾ ਕੂੜਾ ਜੋ ਉਹਨਾਂ ਪੰਚਾਇਤਾਂ ਵਲੋਂ ਬਣਾਏ ਡੰਪ ਦੀ ਬਜਾਏ ਸੜਕਾਂ ਦੇ ਕੰਢਿਆਂ 'ਤੇ ਸਾਡੇ ਖੇਤਾਂ ਅੱਗੇ ਸੁਟਿਆ ਹੋਇਆ ਸੀ ਉਸਨੂੰ ਅੱਗ ਪੈ ਗਈ | ਅਸੀਂ ਮੱਕੀ ਦੇ ਤਿੰਨ ਦੇ ਕਰੀਬ ਖੇਤ ਬੀਜੇ ਹੋਏ ਹਨ | ਜਿਸ ਵਿਚੋਂ ਇਕ ਖੇਤ ਦੀ ਲਗਪਗ ਮੱਕੀ ਪੂਰੀ ਤਰਾਂ ਅੱਗ ਨਾਲ ਝੁਲਸ ਗਈ | ਉਹਨਾਂ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜਿੱਥੇ ਸਾਨੂੰ ਖਰਾਬ ਹੋਈ ਫ਼ਸਲ ਦਾ ਮੁਆਵਜਾ ਮਿਲਣਾ ਚਾਹੀਦਾ ਉਥੇ ਹੀ ਪ੍ਰਸ਼ਾਸ਼ਨ ਅਤੇ ਪੰਚਾਇਤਾਂ ਨੂੰ ਚਾਹੀਦਾ ਕਿ ਪਿੰਡਾਂ ਦੇ ਲੋਕਾਂ ਨੂੰ ਸੜਕਾਂ 'ਤੇ ਕੂੜਾ ਕਰਕਟ ਸੁਟਣ ਤੋਂ ਸਖ਼ਤੀ ਨਾਲ ਰੋਕਣ |