ਕਾਠਗੜ੍ਹ, 3 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਸਤਲੁਜ ਦਰਿਆ ਦੇ ਕੰਢੇ ਰੋਪੜ ਨੇੜੇ ਸਥਿਤ ਹੈੱਡ ਦਰਬਾਰ ਕੋਟ ਪੁਰਾਣ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸੰਤ ਬਾਬਾ ਖ਼ੁਸ਼ਹਾਲ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ ਮੌਕੇ ਇੱਕ ਏ.ਸੀ ਦਾ ਕੰਪਰੈਸ਼ਰ ਫਟਣ ਕਾਰਨ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ, ਜਦੋਂ ਕਿ 9 ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਵਿੱਚੋਂ ਵੀ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ | ਮਿ੍ਤਕਾਂ ਦੀ ਪਛਾਣ ਕਸ਼ਮੀਰ ਕੌਰ (62) ਵਾਸੀ ਹਰਿਗੋਬਿੰਦ ਨਗਰ ਰੂਪਨਗਰ ਦੱਸੀ ਜਾਂਦੀ ਹੈ | ਗੰਭੀਰ ਜ਼ਖ਼ਮੀ ਔਰਤ ਦੀ ਪਛਾਣ ਬਲਜੀਤ ਕੌਰ ਪਿੰਡ ਭਲਿਆਣ ਵਜੋਂ ਹੋਈ ਹੈ, ਜਿਸ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ | ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਵਿਖੇ ਸੰਤ ਬਾਬਾ ਖ਼ੁਸ਼ਹਾਲ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤ ਮੌਜੂਦ ਸੀ | ਇਸ ਦੌਰਾਨ ਅਚਾਨਕ ਹੀ ਇੱਕ ਸਟੈਂਡਿੰਗ ਏਅਰ ਕੰਡੀਸ਼ਨਰ ਦਾ ਕੰਪਰੈਸ਼ਰ ਫਟ ਗਿਆ ਅਤੇ ਅੱਗ ਦਾ ਭਾਂਬੜ ਮੱਚ ਗਿਆ | ਇਸ ਕਾਰਨ 10 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫ਼ੌਰੀ ਤੌਰ 'ਤੇ ਰੂਪਨਗਰ ਦੇ ਪਰਮਾਰ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਇੱਕ ਔਰਤ ਕਸ਼ਮੀਰ ਕੌਰ ਦੀ ਮੌਤ ਹੋ ਗਈ | ਇੱਕ ਗੰਭੀਰ ਜ਼ਖ਼ਮੀ ਔਰਤ ਬਲਜੀਤ ਕੌਰ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ, ਜਦੋਂ ਕਿ ਬਾਕੀ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ | ਜ਼ਿਕਰਯੋਗ ਹੈ ਕਿ ਅੰਤਿਮ ਅਰਦਾਸ ਸਮੇਂ ਵੱਡੀ ਗਿਣਤੀ ਵਿੱਚ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿਚ ਮੌਜੂਦ ਸਨ |