ਸੜੋਆ, 2 ਸਤੰਬਰ (ਹਰਮੇਲ ਸਹੂੰਗੜਾ)-ਚੌਕੀ ਇੰਚਾਰਜ ਸੜੋਆ ਸਤਨਾਮ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੌਕੀ ਸੜੋਆ ਤੋਂ ਪਿੰਡ ਕੁੱਕੜ ਮਜਾਰਾ ਸਾਈਡ ਨੂੰ ਜਾ ਰਹੇ ਸਨ ਜਦੋਂ ਉਹ ਕੱਚੇ ਰਸਤੇ ਦੇ ਕੋਲ ਇੱਟਾਂ ਵਾਲੇ ਭੱਠੇ ਦੇ ਕੋਲ ਪਹੁੰਚੇ ਤਾਂ ਨਿੰਮ ਦੇ ਦਰੱਖਤ ਥੱਲੇ ਝਾੜੀਆਂ ਵਿਚ ਬੈਠ ਕੇ ਸਿਲਵਰ ਦੇ ਪੇਪਰ ਦੀ ਪੰਨੀ ਹੇਠ ਲਾਈਟਰ ਜਲਾ ਕੇ ਨਸ਼ਾ ਕਰਦਾ ਇਕ ਨੌਜਵਾਨ ਦਿਖਾਈ ਦਿੱਤਾ | ਪੁਲਿਸ ਪਾਰਟੀ ਨੂੰ ਦੇਖ ਕੇ ਪੇਪਰ ਦੀ ਪੰਨੀ ਲਾਈਟਰ ਅਤੇ 10 ਰੁਪਏ ਦਾ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਏ. ਐਸ. ਆਈ. ਨੇ ਪੁਲਿਸ ਪਾਰਟੀ ਦੀ ਮਦਦ ਨਾਲ ਉਸ ਨੂੰ ਕਾਬੂ ਕੀਤਾ | ਕਾਬੂ ਕਰਕੇ ਉਸ ਦਾ ਨਾਂਅ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਂਅ ਤਰਲੋਚਨ ਸਿੰਘ ਉਰਫ ਮਨੀ ਪੁੱਤਰ ਗੁਰਨਾਮ ਸਿੰਘ ਵਾਸੀ ਭਵਾਨੀਪੁਰ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨਸ਼ਾ ਕਰਨ ਦੇ ਦੋਸ਼ ਵਿਚ ਉਸ ਪਾਸੋਂ 10 ਰੁਪਏ ਦਾ ਨੋਟ ਪੰਨੀ ਲਾਈਟਰ ਹੈਰੋਇਨ ਸਮੇਤ ਗਿ੍ਫਤਾਰ ਕਰ ਲਿਆ ਅਤੇ ਤਰਲੋਚਨ ਸਿੰਘ ਉਰਫ ਮਨੀ ਪੁੱਤਰ ਗੁਰਨਾਮ ਸਿੰਘ ਵਾਸੀ ਭਵਾਨੀਪੁਰ ਥਾਣਾ ਗੜ੍ਹਸ਼ੰਕਰ ਵਿਰੁੱਧ ਪੋਜੇਵਾਲ ਵਿਖੇ ਕੇਸ ਦਰਜ ਕਰ ਲਿਆ |