ਬਲਾਚੌਰ, 2 ਸਤੰਬਰ (ਨਰੇਸ਼ ਧੌਲ)-ਪਿਛਲੇ ਕਈ ਦਿਨਾਂ ਤੋਂ ਇਲਾਕੇ ਅੰਦਰ ਪੈ ਰਹੇ ਲਗਾਤਾਰ ਮੀਂਹ ਕਾਰਨ ਕਈ ਪਿੰਡਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ 'ਤੇ ਵੱਡੇ-ਵੱਡੇ ਪਾੜ ਪੈ ਚੁੱਕੇ ਹਨ, ਜਿਸ ਕਾਰਨ ਆਵਾਜਾਈ ਵੀ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੀ ਹੈ | ਇਲਾਕੇ ਦੇ ਪਿੰਡ ਬਛੌੜੀ ਤੋਂ ਖਰੌੜ ਭੰਨੂ ਨੂੰ ਜਾਣ ਵਾਲੀ ਸੜਕ ਦੋ ਤਿੰਨ ਥਾਵਾਂ ਤੋਂ ਬੁਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਹੈ | ਸਿਰਫ ਦੋ ਪਹੀਆ ਵਾਹਨ ਚਾਲਕ ਹੀ ਆਰ-ਪਾਰ ਜਾ ਸਕਦੇ ਹਨ ਜਦ ਕਿ ਟਰੈਕਟਰ ਟਰਾਲੀਆਂ ਤੇ ਬੜੀਆਂ ਗੱਡੀਆਂ ਦਾ ਜਾਣਾ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ | ਇਸੇ ਤਰ੍ਹਾਂ ਪਿੰਡ ਬਛੌੜੀ ਤੋਂ ਚਣਕੋਈ ਨੂੰ ਜਾਣ ਵਾਲੀ ਲਿੰਕ ਸੜਕ 'ਤੇ ਵੀ ਵੱਡਾ ਪਾੜ ਪੈ ਚੁੱਕਾ ਹੈ, ਜਿਸ ਕਾਰਨ ਆਪਸੀ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਜਦੋਂ ਵੀ ਜ਼ਿਆਦਾ ਬਰਸਾਤ ਪੈਂਦੀ ਹੈ ਤਾਂ ਇਹ ਦੋਨੋਂ ਲਿੰਕ ਸੜਕਾਂ 'ਤੇ ਅਕਸਰ ਹੀ ਵੱਡੇ ਪਾੜ ਪੈ ਜਾਂਦੇ ਹਨ ਇਸ ਲਈ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਸੜਕਾਂ 'ਤੇ ਪੱਕੀਆਂ ਪੁਲੀਆਂ ਬਣਾਈਆਂ ਜਾਣ |