ਕਾਠਗੜ੍ਹ, 2 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਉਦਾਸੀਨ ਸੰਪਰਦਾਏ ਦੇ ਮੋਢੀ ਬਾਬਾ ਸ੍ਰੀਚੰਦ ਜੀ ਦੇ 531ਵੇਂ ਜਨਮ ਦਿਵਸ ਦੀ ਯਾਦ ਨੂੰ ਸਮਰਪਿਤ ਬ੍ਰਹਮਲੀਨ ਬਾਬਾ ਸਰਵਨ ਦਾਸ ਜੀ ਦੇ ਤਪ ਅਸਥਾਨ ਡੇਰਾ ਬੌੜੀ ਸਾਹਿਬ ਤੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਡੇਰਾ ਬੌੜੀ ਸਾਹਿਬ ਦੇ ਮੌਜੂਦਾ ਗੱਦੀ ਨਸ਼ੀਨ ਸੁਆਮੀ ਦਿਆਲ ਦਾਸ ਦੀ ਰਹਿਨੁਮਾਈ ਵਿਚ ਸਜਾਈ ਗਈ ਸ਼ੋਭਾ ਯਾਤਰਾ 'ਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ ਅਤੇ ਮਹਾਂਪੁਰਸ਼ਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ | ਸ਼ੋਭਾ ਯਾਤਰਾ ਵਿਚ ਸੁਆਮੀ ਦਿਆਲ ਦਾਸ, ਰਾਸ਼ਟਰੀ ਸੰਤ ਬਾਬਾ ਭਗਵਾਨ ਦਾਸ ਤੇ ਵੱਡੀ ਗਿਣਤੀ 'ਚ ਸੰਤ ਮਹਾਂਪੁਰਸ਼ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸੰਗਤਾਂ ਵਲੋਂ ਬਾਬਾ ਸ੍ਰੀਚੰਦ ਦੀ ਪਰਿਤਮਾ ਅਤੇ ਸੁੰਦਰ ਫੁੱਲਾਂ ਨਾਲ ਪਾਲਕੀਆਂ ਵੀ ਸਜਾਈਆਂ ਗਈਆਂ | ਭਾਰੀ ਵਰਖਾ ਦੇ ਬਾਵਜੂਦ ਵੀ ਲੜਕੀਆਂ ਨੇ ਕਲਸ਼ ਚੁੱਕ ਕੇ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ | ਸ਼ੋਭਾ ਯਾਤਰਾ ਬੌੜੀ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਮਾਲੇਵਾਲ, ਬਾਗੋਵਾਲ, ਜਗਤੇਵਾਲ, ਕਿਸ਼ਨਪੁਰ ਭਰਥਲਾ, ਕਮਾਲਪੁਰ, ਜਲਾਲਪੁਰ ਕਾਠਗੜ੍ਹ, ਸੂਰਾਪੁਰ, ਰੱਤੇਵਾਲ, ਨਿੱਘੀ, ਕਲਾਰ, ਟੁੰਡੇਵਾਲ, ਬੇਹਰੜੀ ਤੋਂ ਹੁੰਦੀ ਹੋਈ ਦੇਰ ਰਾਤ ਡੇਰਾ ਬੌੜੀ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਈ | ਡੇਰਾ ਬਾਬਾ ਸਰਵਣ ਦਾਸ ਕਾਠਗੜ੍ਹ ਵਿਖੇ ਸੰਤ ਕਲਿਆਣ ਦਾਸ ਵਲੋਂ ਇਸ ਸ਼ੋਭਾ ਯਾਤਰਾ ਦਾ ਜਿਥੇ ਸ਼ਾਨਦਾਰ ਢੰਗ ਨਾਲ ਸਵਾਗਤ ਕੀਤਾ ਉਥੇ ਹੀ ਸੰਗਤਾਂ ਲਈ ਚਾਹ ਪਕੌੜੇ, ਗਰਮ ਦੁੱਧ, ਫਲ ਤੇ ਹੋਰ ਪਕਵਾਨਾਂ ਦੇ ਲੰਗਰਾਂ ਦਾ ਲਗਾਏ ਗਏ | ਸ਼ੋਭਾ ਯਾਤਰਾ ਲਈ ਵੱਖ-ਵੱਖ ਪਿੰਡਾਂ ਵਿਚ ਸ਼ਰਧਾਲੂਆਂ ਵਲੋਂ ਭਿੰਨ-ਭਿੰਨ ਪ੍ਰਕਾਰ ਦੇ ਲੰਗਰ ਲਗਾਏ ਗਏ | ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਸਾਧੂ ਮਹਾਂਪੁਰਸ਼, ਇਲਾਕੇ ਦੇ ਪਤਵੰਤੇ, ਸਰਪੰਚ/ਪੰਚ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਪੈਦਲ, ਟਰਾਲੀਆਂ ਤੇ ਹੋਰ ਵੱਖ-ਵੱਖ ਵਾਹਨਾਂ ਵਿਚ ਸਵਾਰ ਹੋ ਕੇ ਸ਼ਾਮਿਲ ਹੋਈਆਂ |