ਬਲਾਚੌਰ, 3 ਸਤੰਬਰ (ਨਰੇਸ਼ ਧੌਲ)-ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਦੇ ਜ਼ਿਲ੍ਹਾ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸਾਥੀ ਚੰਨਣ ਸਿੰਘ ਮੰਢਿਆਣੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਹੜਾਂ ਸਮੇਂ ਬਣੇ ਮਾੜੇ ਹਾਲਾਤਾਂ ਵਿੱਚ ਪੰਜਾਬੀਆਂ ਵੱਲੋਂ ਦਿਖਾਏ ਮਿਲ ਵਰਤਣ ਅਤੇ ਆਪਸੀ ਸਹਿਯੋਗ ਤੇ ਤਸੱਲੀ ਪ੍ਰਗਟ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਸੂਬਾਈ ਜਨਰਲ ਸਕੱਤਰ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ, ਉੱਥੇ ਸਾਡੀ ਜਥੇਬੰਦੀ ਵੱਲੋਂ ਵੀ ਪੀੜਿਤ 10 ਪਰਿਵਾਰਾਂ ਨੂੰ ਘਰ ਬਣਾਉਣ ਲਈ ਸਹਿਯੋਗ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਈ ਹੜਾਂ ਦੀ ਆਫਤ ਨੇ 23 ਜ਼ਿਲਿਆਂ ਵਿੱਚ ਬਹੁਤ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ | ਅੰਦਾਜੇ ਮੁਤਾਬਿਕ 80 ਹਜਾਰ ਪਰਿਵਾਰਾਂ ਦੀਆਂ ਫਸਲਾਂ, ਪਸ਼ੂਆਂ, ਘਰਾਂ ਅਤੇ ਜਮੀਨਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਨਾਜਕ ਹਾਲਾਤ ਵਿੱਚ ਕੇਂਦਰ ਸਰਕਾਰ ਪੰਜਾਬ ਦੀ ਖੁੱਲ ਦਿਲੀ ਨਾਲ ਮਦਦ ਕਰੇ | ਜਿਵੇਂ ਪੰਜਾਬ ਸਰਕਾਰ ਨੇ 60 ਹਜਾਰ ਕਰੋੜ ਦਾ ਆਪਣਾ ਬਕਾਇਆ ਹਿੱਸਾ ਮੰਗਿਆ ਹੈ ਉਹ ਤੁਰੰਤ ਜਾਰੀ ਕੀਤਾ ਜਾਵੇ | ਇਸੇ ਤਰ੍ਹਾਂ ਪੰਜਾਬ ਸੂਬੇ ਦੀ ਇਸ ਭਿਅੰਕਰ ਆਫਤ ਨੂੰ ਕੌਮੀ ਆਫਤ ਦਾ ਐਲਾਨ ਕਰਕੇ ਬਿਨਾਂ ਕਿਸੇ ਦੇਰੀ ਰਾਹਤ ਪੈਕਜ ਦਿੱਤਾ ਜਾਵੇ | ਸਾਥੀ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਹੜਾਂ ਨੂੰ ਰੋਕਣ ਲਈ ਅਗਾਂਊ ਬੰਦੋਬਸਤ ਕਰਕੇ ਨੁਕਸਾਨ ਨੂੰ ਬਹੁਤ ਹੱਦ ਤੱਕ ਘਟਾ ਸਕਦੀ ਸੀ | ਉਨ੍ਹਾਂ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਹਰਕਤ ਵਿੱਚ ਆ ਕੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ | ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਤੁਰੰਤ ਇਕ ਲੱਖ ਰੁਪਏ ਗੁਜਾਰੇ ਲਈ ਦਿੱਤਾ ਜਾਵੇ, ਪ੍ਰਤੀ ਏਕੜ ਫਸਲ ਨੁਕਸਾਨ ਤੇ ਖੇਤ ਦੀ ਬਰਬਾਦੀ ਲਈ ਇੱਕ ਲੱਖ 20 ਹਜਾਰ ਰੁਪਏ ਦਿੱਤੇ ਜਾਣ, ਪਿੰਡਾਂ ਵਿੱਚ ਮਨਰੇਗਾ ਮਜ਼ਦੂਰਾਂ ਲਈ ਲਗਾਤਾਰ ਰੁਜ਼ਗਾਰ ਦਿੱਤਾ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਵਸੂਲੀ 'ਤੇ ਰੋਕ ਲਾ ਕੇ ਪੂਰੇ ਸਾਲ ਦਾ ਵਿਆਜ ਮੁਆਫ ਕੀਤਾ ਜਾਵੇ | ਮੀਟਿੰਗ ਵਿੱਚ ਕਰਨੈਲ ਸਿੰਘ ਭੱਲਾ, ਹਰਦੇਵ ਸਿੰਘ ਰਾਣਾ, ਬਲਦੇਵ ਸਿੰਘ ਬੱਲੀ, ਮਨੋਹਰ ਲਾਲ, ਹਰਪਾਲ ਸਿੰਘ, ਸੁਰਜੀਤ ਸਿੰਘ ਮੱਲਪੁਰੀ, ਮੇਲਾ ਰਾਮ, ਗੁਰਦਿਆਲ ਸਿੰਘ, ਪਰਮਿੰਦਰ ਕੁਮਾਰ, ਪ੍ਰਤਾਪ ਸਿੰਘ, ਬਲਦੇਵ ਸਿੰਘ, ਸਰਵਣ ਸਿੰਘ, ਜਸਵਿੰਦਰ ਸਿੰਘ, ਕਸ਼ਮੀਰ ਸਿੰਘ, ਉਜਾਗਰ ਸਿੰਘ ਤੇ ਹੋਰ ਵੀ ਵੱਖ-ਵੱਖ ਇਲਾਕਾ ਵਾਸੀ ਹਾਜ਼ਰ ਸਨ |