ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦਾ ਸਟਾਫ਼ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਵੇਗਾ ਦੋ ਦਿਨ ਦੀ ਤਨਖਾਹ
ਅਜੀਤ ਡੈਸਕ
05-09-2025
ਬੰਗਾ, 4 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਸਮੂਹ ਸਟਾਫ਼ ਵਲੋਂ ਆਪਣੀ ਦੋ ਦਿਨ ਦੀ ਤਨਖਾਹ ਹੜ੍ਹ ਪੀੜਤਾਂ ਲਈ ਦੇਣ ਦਾ ਫੈਸਲਾ ਲਿਆ ਗਿਆ ਹੈ | ਇਸ ਸੰਬੰਧੀ ਕਾਲਜ ਪਿ੍ੰਸੀਪਲ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਅਧੀਨ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਕੀਤੇ ਜਾ ਰਹੇ ਸੇਵਾ ਦੇ ਕਾਰਜਾਂ ਵਿਚ ਯੋਗਦਾਨ ਪਾਉਂਦੇ ਹੋਏ ਸੁਖਮਿੰਦਰ ਸਿੰਘ, ਸਕੱਤਰ ਵਿੱਦਿਆ ਦੀ ਯੋਗ ਅਗਵਾਈ ਅਧੀਨ ਕਾਲਜ ਸਟਾਫ਼ ਵਲੋਂ ਆਪਣੀ ਦੋ ਦਿਨ ਦੀ ਤਨਖਾਹ ਹੜ੍ਹ ਪੀੜਤਾਂ ਲਈ ਦੇਣ ਦਾ ਫੈਸਲਾ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਸ਼੍ਰੋਮਣੀ ਕਮੇਟੀ ਵਲੋਂ ਹੜ੍ਹ ਪੀੜਤਾਂ ਦੀ ਸੇਵਾ ਕਾਰਜਾਂ ਵਿਚ ਵਾਧੇ ਲਈ ਭੇਜੀ ਜਾ ਰਹੀ ਹੈ ਤੇ ਕਾਲਜ ਵਿਦਿਆਰਥੀਆਂ ਵਲੋਂ ਵੀ ਇਸ ਨੇਕ ਕਾਰਜ ਵਿਚ ਯੋਗਦਾਨ ਪਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਹਰ ਵੇਲੇ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ ਅਤੇ ਬੰਗਾ ਇਲਾਕੇ ਵਿਚ ਜੇਕਰ ਕੋਈ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰ ਹੈ ਤਾਂ ਉਹ ਸੰਸਥਾ ਮੁਖੀ ਤੇ ਸਟਾਫ ਮੈਂਬਰਾਂ ਨਾਲ ਸੰਪਰਕ ਕਰ ਸਕਦਾ ਹੈ |