ਟੱਪਰੀਆਂ ਖੁਰਦ, 4 ਸਤੰਬਰ (ਬਲਵਿੰਦਰ ਨਾਨੋਵਾਲੀਆ)-ਬਲਾਚੌਰ ਦੇ ਨਾਲ ਪੈਂਦੇ ਸਤਲੁਜ ਦਰਿਆ 'ਤੇ ਪੈਂਦੇ ਪਿੰਡ ਤਾਜੋਵਾਲ ਤੇ ਧੈਂਗੜਪੁਰ ਬੰਨ੍ਹ ਦੀ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ | ਇਸ ਸਥਿਤੀ 'ਤੇ ਕਾਬੂ ਪਾਉਣ ਲਈ ਜਿਥੇ ਪ੍ਰਸ਼ਾਸ਼ਨ ਪਬਾਂ ਭਾਰ ਹੋਇਆ ਪਿਆ ਹੈ, ਉਥੇ ਹਲਕਾ ਵਿਧਾਇਕ ਬੀਬੀ ਸੰਤੋਸ਼ ਕਟਾਰੀਆ, ਵਿਧਾਇਕ ਡਾ. ਨਛੱਤਰ ਪਾਲ, ਇਲਾਕੇ ਦੇ ਰਾਜਨੀਤਕ ਪਾਰਟੀਆਂ ਦੇ ਆਗੂ, ਵਰਕਰ, ਸਮਾਜ ਸੇਵੀ ਤੇ ਪਿੰਡਾਂ ਦੀਆਂ ਪੰਚਾਇਤਾਂ ਵੀ ਦਿਨ ਰਾਤ ਆਪੋ ਆਪਣੇ ਪੱਧਰ 'ਤੇ ਯਤਨ ਕਰ ਰਹੀਆਂ ਹਨ, ਤਾਂ ਜੋ ਬੰਨ੍ਹ ਨਾਲ ਹੋਣ ਵਾਲੇ ਨੁਕਸਾਨ ਨੂੰ ਹੋਣ ਤੋਂ ਰੋਕਿਆ ਜਾ ਸਕੇ | ਇਸੇ ਸੰਬੰਧ 'ਚ ਪਿੰਡ ਖਰੌੜ ਦੀ ਪੰਚਾਇਤ ਅਤੇ ਸਮੁੱਚੇ ਪਿੰਡ ਵਾਸੀਆਂ ਵਲੋਂ ਵੀ ਇਨ੍ਹਾਂ ਰਾਹਤ ਕਾਰਜਾਂ ਵਿਚ ਆਪਣੇ ਪੱਧਰ 'ਤੇ ਯੋਗਦਾਨ ਪਾਇਆ ਜਾ ਰਿਹਾ ਹੈ | ਬੀਬੀ ਕੁਲਦੀਪ ਕੌਰ ਸਰਪੰਚ ਪਿੰਡ ਖਰੌੜ ਤੇ ਸਮਾਜ ਸੇਵੀ ਮੋਹਣ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਪਿੰਡ ਵਾਸੀਆਂ ਵਲੋਂ ਆਪਣੇ ਪੱਧਰ 'ਤੇ ਪਿੰਡ ਵਿਚ ਖਾਲੀ ਥੈਲੇ ਤੇ ਦੁਕਾਨਾਂ ਤੋਂ ਮਿੱਟੀ ਪਾਉਣ ਵਾਲੇ ਥੈਲੇ ਇਕੱਤਰ ਕਰਕੇ ਇਹ ਥੈਲੇ ਭਰ ਕੇ ਚਾਰ ਟਰਾਲੀਆਂ ਵਿਚ ਲੱਦ ਕੇ ਪਿੰਡ ਤਾਜੋਵਾਲ ਅਤੇ ਧੈਂਗੜਪੁਰ ਵਿਖੇ ਨਾਜੁਕ ਸਥਾਨ ਵਾਲੇ ਖੇਤਰਾਂ ਵਿਚ ਪਹੁੰਚਾਏ ਗਏ |