ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਸਮਾਗਮ
ਅਜੀਤ ਡੈਸਕ
05-09-2025
ਉੜਾਪੜ/ਲਸਾੜਾ, 4 ਸਤੰਬਰ (ਲਖਵੀਰ ਸਿੰਘ ਖੁਰਦ)-ਪੰਜਾਬ 'ਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਤੇ ਕਿਸਾਨ ਅਤੇ ਮਜ਼ਦੂਰਾਂ ਦੀ ਚੜ੍ਹਦੀਕਲਾ ਲਈ ਪਿੰਡ ਉੜਾਪੜ ਦੇ ਗੁਜਰਾਤ ਰਹਿੰਦੇ ਭਰਾਵਾਂ ਜਸਵੰਤ ਸਿੰਘ, ਦਿਲਬਾਗ ਸਿੰਘ, ਸਤਨਾਮ ਸਿੰਘ ਤੇ ਅਵਤਾਰ ਸਿੰਘ ਵਲੋਂ ਗੁਰਮਤਿ ਸਮਾਗਮ ਕਰਵਾਏ ਗਏ | ਅੰਮਿ੍ਤ ਵੇਲੇ ਸ੍ਰੀ ਸੁਖਮਨੀ ਸਾਹਿਬ ਦੀਆਂ ਬਾਣੀਆਂ ਦੇ ਭੋਗ ਪਾਏ ਗਏ | ਉਪਰੰਤ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ | ਸਮਾਗਮ 'ਚ ਰੋਜ਼ਾਨਾ ਅਜੀਤ ਦੇ ਸਹਿ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਵੀ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਿਥੇ ਉਨ੍ਹਾਂ ਪੰਜਾਬ ਵਿਚ ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤਾਂ 'ਤੇ ਚਿੰਤਾ ਜਾਹਰ ਕੀਤੀ ਉਥੇ ਹੀ ਉਨ੍ਹਾਂ ਸੰਸਥਾਵਾਂ ਦੀ ਵੀ ਸ਼ਲਾਘਾ ਕੀਤੀ ਜੋ ਇਸ ਮੂਸੀਬਤ 'ਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਦਿਨ ਰਾਤ ਮਦਦ 'ਚ ਜੁਟੇ ਹੋਏ ਹਨ | ਇਸ ਮੌਕੇ ਉਨ੍ਹਾਂ ਹੁਣ ਤੱਕ ਪੰਜਾਬ ਵਿਚ ਹਕੂਮਤ ਕਰ ਰਹੀਆਂ ਸਰਕਾਰਾਂ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸਿਰਫ ਵੋਟਾਂ ਲਈ ਮੁਫ਼ਤ ਦੀਆਂ ਸਹੂਲਤਾਂ ਤੱਕ ਹੀ ਸੀਮਤ ਰੱਖਿਆ | ਲੋੜ ਇਹ ਸੀ ਕਿ ਉਹ ਸਾਡੇ ਬੱਚਿਆਂ ਲਈ ਬਿਹਤਰ ਸਕੂਲ, ਕਾਲਜ ਬਣਾਂਦੇ, ਬਿਹਤਰ ਯੂਨੀਵਰਸਟੀਆਂ ਬਣਾਉਂਦੇ ਤੇ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੰਦੇ ਤਾਂ ਕਿ ਉਹ ਨੌਕਰੀਆਂ ਲੈਣ ਦੇ ਸਮਰੱਥ ਹੁੰਦੇ | ਸਾਰੀਆਂ ਸਰਕਾਰਾਂ ਵਲੋਂ ਆਪਣੇ ਲੋਕਾਂ ਲਈ ਚੰਗੀ ਸਿੱਖਿਆ ਤੇ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਕੋਈ ਬਹੁਤਾ ਚੰਗਾ ਕੰਮ ਨਹੀ ਕੀਤਾ ਗਿਆ | ਲੋਕਾਂ ਨੂੰ ਮਜਬੂਰਨ ਪ੍ਰਾਈਵੇਟ ਸਕੂਲਾਂ ਤੇ ਹਸਪਤਾਲਾਂ ਦੀ ਮਹਿੰਗੀ ਸਹੂਲਤ ਲੈਣੀ ਪਈ | ਇਸ ਮੌਕੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਤੇ ਰਿਟਾ ਸ਼ੈਸ਼ਨ ਜੱਜ ਦਰਸ਼ਨ ਸਿੰਘ ਮਲਵਈ ਨੇ ਵੀ ਲੋਕਾਂ ਨੂੰ ਹੜ੍ਹ ਵਿਚ ਘਿਰੇ ਲੋਕਾਂ ਦੀ ਹਰ ਤਰਾਂ ਦੀ ਮਦੱਦ ਕਰਨ ਦੀ ਅਪੀਲ ਕੀਤੀ | ਸਮਾਗਮ ਦੇ ਅਖੀਰ ਵਿਚ ਦਿਲਬਾਗ ਸਿੰਘ ਵਲੋਂ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ | ਸਮਾਗਮ 'ਚ ਸਰਪੰਚ ਭੁਪਿੰਦਰ ਸਿੰਘ, ਮੋਹਨ ਸਿੰਘ ਟਾਂਕ, ਸਾਬਕਾ ਸਰਪੰਚ ਸਲਿੰਦਰ ਸਿੰਘ ਸਾਧ, ਗੁਰਦੇਵ ਸਿੰਘ, ਮਾ. ਨਰਿੰਦਰ ਸਿੰਘ, ਹਰਜਿੰਦਰ ਸਿੰਘ, ਅਜਮੇਰ ਸਿੰਘ ਬੁਰਜ, ਕਸ਼ਮੀਰ ਸਿੰਘ, ਬਖਤਾਵਰ ਸਿੰਘ, ਮਾ. ਬਲਬੀਰ ਸਿੰਘ, ਬਿ੍ਜਮੋਹਨ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਦਰਸ਼ਨ ਸਿੰਘ ਗਹੂਣੀਆਂ ਆਦਿ ਵੀ ਹਾਜਰ ਸਨ |