ਸਮੁੰਦੜਾ, 5 ਸਤੰਬਰ (ਤੀਰਥ ਸਿੰਘ ਰੱਕੜ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਆਪਣੇ ਸਾਰੇ ਜ਼ੋਨਾਂ ਤੇ ਇਕਾਈਆਂ ਦੇ ਆਗੂਆਂ ਅਤੇ ਮੈਂਬਰਾਂ ਸਮੇਤ ਦੇਸ਼ ਵਿਦੇਸ਼ 'ਚ ਵਸਦੇ ਹਮਦਰਦ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ ਆਪਣੀ ਸਮਰੱਥਾ ਅਨੁਸਾਰ ਪੰਜਾਬ ਵਿਚ ਹੜ੍ਹਾਂ ਦੀ ਤਬਾਹੀ ਤੋਂ ਪੀੜਤ ਪਰਿਵਾਰਾਂ ਦੀ ਵਿੱਤੀ ਮਦਦ ਲਈ ਅੱਗੇ ਆਉਣ | ਇਸ ਦੇ ਨਾਲ ਹੀ ਸੁਸਾਇਟੀ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਹੜ੍ਹ ਪੀੜਤ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਭੋਜਨ, ਤਰਪਾਲਾਂ ਤੇ ਪਸ਼ੂਆਂ ਦੇ ਚਾਰੇ, ਦਵਾਈਆਂ ਆਦਿ ਸਮੇਤ ਹਰ ਪ੍ਰਕਾਰ ਦੀ ਫੌਰੀ ਮਦਦ ਪਹੁੰਚਾਉਣ ਦੇ ਉਪਰਾਲੇ ਤੇਜ਼ ਕੀਤੇ ਜਾਣ | ਇਸ ਸੰਬੰਧੀ ਸੂਬਾ ਵਰਕਿੰਗ ਕਮੇਟੀ ਦੀ ਆਨਲਾਈਨ ਮੀਟਿੰਗ 'ਚ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਦਫ਼ਤਰ ਸਕੱਤਰ ਹੇਮ ਰਾਜ ਸਟੈਨੋਂ, ਵਿੱਤ ਮੁਖੀ ਰਾਜੇਸ਼ ਅਕਲੀਆ ਤੇ ਮੀਡੀਆ ਮੁਖੀ ਸੁਮੀਤ ਅੰਮਿ੍ਤਸਰ ਨੇ ਦੱਸਿਆ ਕਿ ਹੜ੍ਹਾਂ ਦੀ ਕੁਦਰਤੀ ਆਫ਼ਤ ਤੇ ਇਨ੍ਹਾਂ ਦੀ ਰੋਕਥਾਮ ਲਈ ਅਗਾਊਾ ਪ੍ਰਬੰਧਾਂ ਵਿਚ ਪੰਜਾਬ ਸਰਕਾਰ ਦੀ ਘੋਰ ਲਾਪ੍ਰਵਾਹੀ ਤੇ ਬਦਇੰਤਜ਼ਾਮੀ ਨੇ ਪੰਜਾਬ ਦੇ ਪਿੰਡਾਂ ਦੇ ਲੱਖਾਂ ਲੋਕਾਂ ਦੇ ਘਰਾਂ, ਡੰਗਰਾਂ, ਫ਼ਸਲਾਂ, ਪਸ਼ੂ ਚਾਰਾ, ਖੇਤੀ ਸੰਦਾਂ ਤੇ ਜ਼ਮੀਨਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਅਤੇ ਪੰਜਾਬ ਦੇ ਲੋਕਾਂ ਦਾ ਵੱਡੇ ਪੱਧਰ 'ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਲਈ ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਜੰਗੀ ਪੱਧਰ 'ਤੇ ਯਤਨ ਕਰਨ ਦੀ ਲੋੜ ਹੈ | ਤਰਕਸ਼ੀਲ ਆਗੂਆਂ ਜੋਗਿੰਦਰ ਕੁੱਲੇਵਾਲ ਸੂਬਾਈ ਆਗੂ ਤੇ ਜ਼ੋਨ ਆਗੂ ਮਾ. ਜਗਦੀਸ਼ ਰਾਏਪੁਰ ਡੱਬਾ, ਸੁਖਵਿੰਦਰ ਗੋਗਾ, ਸੱਤਪਾਲ ਸਲੋਹ, ਮਾ. ਨਰੇਸ਼ ਭੰਮੀਆਂ, ਬਲਜਿੰਦਰ ਸਹਿਬਾਜਪੁਰੀ ਆਦਿ ਆਗੂਆਂ ਅਪੀਲ ਕੀਤੀ ਕਿ ਇਹ ਸਹਾਇਤਾ ਰਾਸ਼ੀ ਤਰਕਸ਼ੀਲ ਸੁਸਾਇਟੀ ਦੀ ਕਿਸੇ ਵੀ ਇਕਾਈ ਰਾਹੀਂ ਦਿੱਤੀ ਜਾ ਸਕਦੀ ਹੈ |