ਬੰਗਾ, 6 ਸਤੰਬਰ (ਧਰਮਵੀਰ ਪਾਲ)-ਪੰਜਾਬ 'ਚ ਆਈ ਹੜ੍ਹ ਦੀ ਵਿਪਤਕਾਲੀਨ ਸਥਿਤੀ ਨੂੰ ਵੇਖਦੇ ਹੋਏ ਪੰਜਾਬ ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ (ਜੈ ਮਲਾਪ) ਦੀ ਸੂਬਾ ਕੋਰ ਕਮੇਟੀ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮੁੱਖ ਮੰਤਰੀ ਰਾਹਤ ਕੋਸ਼ ਲਈ 2 ਲੱਖ ਰੁਪਏ ਦਾ ਚੈੱਕ ਭੇਟ ਕੀਤਾ | ਇਹ ਜਾਣਕਾਰੀ ਸਟੇਟ ਐਡਵਾਈਜ਼ਰ ਜਸਵਿੰਦਰ ਰੌੜੀ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਰਾਣਾ ਬੰਗਾ ਨੇ ਪ੍ਰੈੱਸ ਨਾਲ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਚੈੱਕ ਸੂਬਾ ਪ੍ਰਧਾਨ ਜਗਦੀਪ ਭਾਰਦਵਾਜ, ਜਰਨਲ ਸਕੱਤਰ ਰਾਜਨ ਬੈਕਟਰ ਤੇ ਖਜ਼ਾਨਚੀ ਸੁਰਜੀਤ ਸਿੰਘ ਚੰਦੀ ਦੀ ਅਗਵਾਈ ਹੇਠ ਜੈ ਮਲਾਪ ਸੰਗਠਨ ਦੇ ਮੈਂਬਰਾਂ ਨੇ ਮੰਤਰੀ ਨੂੰ ਸੌਂਪਿਆ | ਇਸ ਮੌਕੇ ਸੂਬਾ ਪ੍ਰਧਾਨ ਜਗਦੀਪ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ ਸਾਰੇ ਜੈ ਮਲਾਪ ਮੈਂਬਰ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਨਿੱਜੀ ਪੱਧਰ 'ਤੇ ਵੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਇਹ ਭਰੋਸਾ ਵੀ ਦਿਵਾਇਆ ਕਿ ਜੇਕਰ ਹੜ੍ਹ ਪੀੜਤਾਂ ਜਾਂ ਸਰਕਾਰ ਤੇ ਕਿਸੇ ਵੀ ਥਾਂ ਜੈ ਮਲਾਪ ਮੈਂਬਰਾਂ ਦੀ ਵਲੰਟੀਅਰ ਵਜੋਂ ਲੋੜ ਪਈ ਤਾਂ ਸੰਗਠਨ ਪੂਰੀ ਤਰ੍ਹਾਂ ਸਹਿਯੋਗ ਦੇਵੇਗਾ | ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜੈ ਮਲਾਪ ਪੰਜਾਬ ਦੀ ਇਸ ਮਨੁੱਖਤਾ ਭਰੀ ਪਹਿਲ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਉਹ ਸੰਗਠਨ ਦੇ ਇਸ ਕੰਮ ਤੋਂ ਬਹੁਤ ਪ੍ਰਭਾਵਿਤ ਹੋਏ ਹਨ | ਉਨ੍ਹਾਂ ਨੇ ਸੰਗਠਨ ਤੇ ਇਸ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |