ਨਵਾਂਸ਼ਹਿਰ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ਦੁਰਗਾਪੁਰ ਵਿਖੇ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਪ੍ਰਧਾਨਗੀ ਰੌਸ਼ਨ ਲਾਲ ਸਰਪੰਚ ਨੇ ਕੀਤੀ | ਇਸ ਮੌਕੇ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਅਜੋਕੇ ਸਮੇਂ ਵਿੱਚ ਨਸ਼ਾ ਪੰਜਾਬ ਦੀ ਨਹੀਂ ਬਲਕਿ ਸਾਡੇ ਦੇਸ਼ ਦੀ ਸਮੱਸਿਆ ਬਣ ਗਈ ਹੈ | ਦੇਸ਼ ਦੀ ਨੌਜਵਾਨ ਪੀੜੀ ਵੱਡੀ ਗਿਣਤੀ ਵਿੱਚ ਨਸ਼ੇ ਦੀ ਗਿ੍ਫਤ ਵਿਚ ਆ ਗਈ ਹੈ | ਜਿਸ ਵਿੱਚ ਹੁਣ ਸਕੂਲ ਪੜਦੇ ਬੱਚੇ ਵੀ ਅਤੇ ਲੜਕੀਆਂ ਵੀ ਨਸ਼ੇ ਦੀ ਗਿ੍ਫਤ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ | ਨਸ਼ੇ ਕਾਰਣ ਮੌਤ ਦੀ ਦਰ ਬਹੁਤ ਵੱਧ ਰਹੀ ਹੈ ਅਤੇ ਰੋਜਾਨਾ ਹੀ ਅਖਬਾਰਾਂ ਵਿੱਚ ਅਜਿਹੀਆਂ ਖਬਰਾਂ ਆਮ ਗੱਲ ਹੋ ਗਈ ਹੈ ਕਿ ਬੱਚੇ ਦੀ ਓਵਰਡੋਜ ਹੋ ਰਹੇ ਹਨ ਅਤੇ ਸੜਕ ਦੁਰਘਟਨਾਵਾਂ ਵੀ ਵੱਧ ਗਈਆਂ ਹਨ ਜਿਸ ਦਾ ਮੁੱਖ ਕਾਰਣ ਨਸ਼ਾ ਹੈ | ਇਸ ਕਰਕੇ ਸਰਕਾਰਾਂ ਨੇ ਵੀ ਆਪਣਾ ਪੂਰਾ ਜੋਰ ਲਗਾਇਆ ਹੈ ਕਿ ਨਸ਼ੇ ਨੂੰ ਦੇਸ਼ ਵਿੱਚੋਂ ਖਤਮ ਕਰੀਏ | ਇਹ ਦੇਖਣ ਵਿੱਚ ਆਇਆ ਹੈ ਕਿ ਸਕੂਲ ਪੜਦੇ ਬੱਚਿਆਂ ਨੂੰ ਨਸ਼ੇ ਦੇ ਪ੍ਰਤੀ ਕੋਈ ਜਾਣਕਾਰੀ ਨਹੀਂ ਹੁੰਦੀ, ਜਿਸ ਨਾਲ ਉਹ ਨਸ਼ੇ ਦੀ ਲਪੇਟ ਵਿੱਚ ਆ ਜਾਦੇ ਹਨ | ਸਾਨੂੰ ਹੁਣ ਆਪਣੇ ਬੱਚਿਆ ਦਾ ਆਪ ਧਿਆਨ ਰੱਖਣਾ ਪਵੇਗਾ ਤਾਂ ਹੀ ਅਸੀ ਬੱਚਿਆ ਨੂੰ ਨਸ਼ੇ ਤੋਂ ਦੂਰ ਰੱਖ ਸਕਦੇ ਹਾਂ | ਉਨਾ ਨੇ ਨੋਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕੀਤਾ ਅਤੇ ਨਸ਼ੇ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ | ਉਨਾ ਨੇ ਕਿਹਾ ਕਿ ਕਿਸੇ ਵੀ ਬੁਰਾਈ ਨੂੰ ਖਤਮ ਕਰਨ ਲਈ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਕਰਨ ਪਵੇਗੀ, ਇਸ ਲਈ ਆਓ ਰਲ-ਮਿਲ ਕੇ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਦਾ ਹਿੱਸਾ ਬਣ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਅਤੇ ਲੋਕਾਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕਰੀਏ ਤਾਂ ਕਿ ਅਸੀ ਆਪਣੀ ਨੋਜਵਾਨ ਪੀੜੀ ਨੂੰ ਬਚਾ ਸਕੀਏ, ਨਹੀਂ ਤਾਂ ਨਸ਼ਾ ਹੌਲੀ-ਹੌਲੀ ਘੁਣ ਵਾਂਗ ਨੌਜਵਾਨ ਪੀੜੀ ਨੂੰ ਖਤਮ ਕਰ ਦੇਵੇਗਾ | ਜਿਸ ਦਾ ਨੁਕਸਾਨ ਸਾਡੇ ਸਮਾਜ ਨੂੰ ਝਲਣਾ ਪਵੇਗਾ, ਕਿਉੰਕਿ ਨਸ਼ਾ ਕਰਨ ਵਾਲਾ ਵਿਅਕਤੀ ਆਪਣੇ ਆਪ ਮੌਤ ਨੂੰ ਸੱਦਾ ਦੇ ਰਿਹਾ ਹੈ | ਕਮਲਜੀਤ ਕੌਰ ਕਾਊਾਸਲਰ ਨੇ ਸੈਂਟਰ ਵਿਖੇ ਮਰੀਜਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਆਕਤੀ ਆਪਣੀ ਇੱਛਾ ਅਨੁਸਾਰ ਇੱਕ ਮਹੀਨਾ ਦਾਖਿਲ ਰਹਿ ਕੇ ਮੁਫਤ ਇਲਾਜ ਕਰਵਾ ਸਕਦਾ ਹੈ, ਕਿਉਕਿ ਨਸ਼ਾ ਘਰ ਰਹਿ ਕੇ ਨਹੀਂ ਛੱਡਿਆ ਜਾ ਸਕਦਾ, ਨਸ਼ੇ ਨੂੰ ਛੱਡਣ ਲਈ ਮਨੋਰੋਗਾਂ ਦੇ ਡਾਕਟਰ ਅਤੇ ਨਸ਼ੇ ਛੁਡਾਓ ਕੇਂਦਰਾਂ ਤੱਕ ਪਹੁੰਚ ਕਰਨੀ ਜਰੂਰੀ ਹੈ | ਇਸ ਮੌਕੇ 'ਤੇ ਪਿੰਡ ਵਾਸੀ ਬਹਾਦਰ ਸਿੰਘ, ਕਿ੍ਸ਼ਨਾ, ਪੁਸ਼ਪਾ ਰਾਣੀ, ਸੰਤੋਸ਼ ਰਾਣੀ, ਯੋਗਾ ਥੈਰਾਪਿਸਸਟ ਬਲਵੀਰ ਕੌਰ, ਪਰਮਿੰਦਰ ਸਿੰਘ, ਰੇਸ਼ਮ ਕੌਰ, ਗੁਰਬਖਸ਼ ਕੌਰ, ਗੁਰਮੀਤ ਚੰਦ, ਹਰਜਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ |