ਨਵਾਂਸ਼ਹਿਰ, 19 ਅਕਤੂਬਰ, (ਦੀਦਾਰ ਸਿੰਘ ਸ਼ੇਤਰਾ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹੇ ਅੰਦਰ ਐੱਮ. ਟੀ. ਪੀ. ਕਿੱਟਾਂ ਦੀ ਅਣ-ਅਧਿਕਾਰਤ ਵਿਕਰੀ ਨੂੰ ਰੋਕਣ ਦੇ ਉਦੇਸ਼ ਨਾਲ ਕੈਮਿਸਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਐੱਮ. ਟੀ. ਪੀ. ਐਕਟ ਸੰਬੰਧੀ ਜਾਗਰੂਕ ਕੀਤਾ | ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਜ਼ਿਲ੍ਹੇ ਦੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੂੰ ਸਾਵਧਾਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਕਿੱਟਾਂ (ਐੱਮ. ਟੀ. ਪੀ. ਕਿੱਟਾਂ) ਦੀ ਅਣਅਧਿਕਾਰਿਤ ਵਿਕਰੀ 'ਤੇ ਸਖ਼ਤ ਰੁੱਖ ਅਪਣਾਇਆ ਹੈ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਧਿਆਨ 'ਚ ਆਇਆ ਹੈ ਕਿ ਜ਼ਿਲਿ੍ਹਆਂ ਦੇ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਵਿਚ ਕਈ ਮਰੀਜ਼ ਵੈਧ ਪ੍ਰੈਸਕਿ੍ਪਸ਼ਨ ਤੋਂ ਬਿਨਾ ਐੱਮ. ਟੀ. ਪੀ. ਕਿੱਟਾਂ ਲੈਣ ਤੋਂ ਬਾਅਦ ਗੰਭੀਰ ਹਾਲਤ 'ਚ ਭਰਤੀ ਹੋ ਰਹੇ ਹਨ | ਉਨ੍ਹਾਂ ਕੈਮਿਸਟਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਜ਼ਿਲ੍ਹੇ ਵਿਚ ਐਮਰਜੈਂਸੀ 'ਚ ਕੋਈ ਵੀ ਇਸ ਤਰ੍ਹਾਂ ਦਾ ਮਰੀਜ਼ ਰਿਪੋਰਟ ਹੋਇਆ ਤਾਂ ਇਹ ਪਤਾ ਲਗਾਇਆ ਜਾਵੇਗਾ ਕਿ ਸੰਬੰਧਤ ਮਰੀਜ਼ ਨੇ ਕਿਹੜੇ ਮੈਡੀਕਲ ਸਟੋਰ ਤੋਂ ਇਹ ਕਿੱਟ ਖਰੀਦੀ ਹੈ ਤੇ ਉਸ ਮੈਡੀਕਲ ਸਟੋਰ ਦੀ ਸੂਚਨਾ ਸੂਬਾਈ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ | ਉਨ੍ਹਾਂ ਮੈਡੀਕਲ ਸਟੋਰਾਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਐੱਮ. ਟੀ. ਪੀ. ਕਿੱਟਾਂ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਵੈਧ ਪਰਚੀ ਤੋਂ ਬਿਨਾਂ ਨਾ ਵੇਚੀ ਜਾਵੇ | ਇਸੇ ਦੌਰਾਨ ਸਿਵਲ ਸਰਜਨ ਨੇ ਸਿਹਤ ਅਧਿਕਾਰੀਆਂ ਤੇ ਜ਼ਿਲ੍ਹਾ ਡਰੱਗ ਕੰਟਰੋਲ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਉਹ ਜ਼ਿਲ੍ਹੇ ਅੰਦਰ ਕੈਮਿਸਟ ਸਟੋਰਾਂ 'ਤੇ ਪੈਨੀ ਨਜ਼ਰ ਰੱਖਣ ਤਾਂ ਜੋ ਅਣਅਧਿਕਾਰਿਤ ਐੱਮ. ਟੀ. ਪੀ. ਕਿੱਟਾਂ ਦੀ ਵਿਕਰੀ ਨੂੰ ਠੱਲ੍ਹ ਪਾਈ ਜਾ ਸਕੇ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਤੇ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਨੇ ਵੀ ਐੱਮ. ਟੀ. ਪੀ. ਕਿੱਟਾਂ ਦੀ ਅਣਅਧਿਕਾਰਤ ਵਿਕਰੀ ਨੂੰ ਰੋਕਣ ਲਈ ਕੈਮਿਸਟ ਐਸੋਸੀਏਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ | ਮੀਟਿੰਗ ਦੇ ਅੰਤ 'ਚ ਕੈਮਿਸਟ ਐਸੋਸੀਏਸ਼ਨ ਦੇ ਪ੍ਰਤੀਨਿਧਾਂ ਨੇ ਸਿਹਤ ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਵਿਕਰੀ ਨੂੰ ਰੋਕਣ ਵਿਚ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ |