ਨਵਾਂਸ਼ਹਿਰ, 10 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਗੜ੍ਹੀ ਫਤਿਹ ਖਾਂ (ਸ. ਭ. ਸ. ਨਗਰ) ਵਿਖੇ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ | ਕੈਂਪ ਦੀ ਪ੍ਰਧਾਨਗੀ ਸੁਰਜੀਤ ਸਿੰਘ (ਪੰਚ) ਨੇ ਕੀਤੀ | ਸ੍ਰੀਮਤੀ ਕਮਲਜੀਤ ਕੌਰ (ਕੌਂਸਲਰ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ 'ਯੁੱਧ ਨਸ਼ਿਆਂ ਵਿਰੁੱਧ' ਵਿਸ਼ੇ 'ਤੇ ਚਰਚਾ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਪੂਰਾ ਭਾਰਤ ਨਸ਼ਿਆਂ ਦੀ ਲਪੇਟ ਵਿਚ ਆਇਆ ਹੋਇਆ ਹੈ ਜਿਸ ਵਿਚ ਹੁਣ ਛੋਟੇ ਬੱਚੇ ਤੇ ਲੜਕੀਆਂ ਵੀ ਨਸ਼ੇ ਦੀ ਗਿ੍ਫਤ ਵਿਚ ਆਉਣੀਆਂ ਸ਼ੁਰੂ ਹੋ ਗਈਆਂ | ਇਸ ਕਰਕੇ ਸਰਕਾਰਾਂ ਨੇ ਵੀ ਆਪਣਾ ਪੂਰਾ ਜ਼ੋਰ ਲਗਾਇਆ ਹੈ ਕਿ ਨਸ਼ੇ ਨੂੰ ਦੇਸ਼ ਵਿਚੋਂ ਖਤਮ ਕਰੀਏ | ਸੋ ਆਪ ਸਭ ਨੂੰ ਆਪਣੇ ਬੱਚਿਆਂ 'ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਬੱਚੇ ਕੀ ਕਰ ਰਹੇ ਹਨ | ਉਨ੍ਹਾਂ ਨੇ ਬੱਚਿਆਂ ਦੇ ਜੀਵਨ ਬਾਰੇ ਵੀ ਗੱਲ ਕੀਤੀ ਕਿ ਉਨ੍ਹਾਂ ਨੂੰ ਬਹੁਤ ਸਮੱਸਿਆਵਾਂ ਆਉਦੀਆਂ ਹਨ, ਪਰ ਨਸ਼ੇ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਲੱਭਿਆ ਜਾ ਸਕਦਾ | ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਤੇ ਸੱਭਿਆਚਾਰ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਬੱਚੇ ਗੁਮਰਾਹ ਹੋ ਕੇ ਬੁਰੀ ਸੰਗਤ ਵਿਚ ਨਾ ਪੈ ਜਾਣ | ਇਸ ਦੌਰਾਨ ਉਨ੍ਹਾਂ ਨੇ ਨਸ਼ੇ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਪਰਵੇਸ਼ ਕੁਮਾਰ ਸਟਾਫ ਮੈਂਬਰ ਨੇ ਸੈਂਟਰ ਵਿਖੇ ਮਰੀਜ਼ਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਰੈੱਡ ਕਰਾਸ ਦੇ ਪਿਛੋਕੜ ਬਾਰੇ ਵੀ ਚਾਨਣਾ ਪਾਇਆ | ਇਸ ਮੌਕੇ ਸੁਰਜੀਤ ਸਿੰਘ ਪੰਚ ਨੇ ਨਸ਼ੇ ਦੇ ਪ੍ਰਤੀ ਜਾਗਰੂਕ ਕੀਤਾ ਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਜਸਵੀਰ ਕੌਰ ਪੰਚ, ਕਸ਼ਮੀਰ ਸਿੰਘ, ਗੁਰਪ੍ਰੀਤ ਕੌਰ, ਸਤਵੀਰ ਕੌਰ, ਜੋਤੀ, ਰਜਨੀ, ਭਜਨ ਕੌਰ, ਸੰਦੀਪ ਕੁਮਾਰ, ਸੁਰਜੀਤ ਕੁਮਾਰ, ਜਸਨ ਸਿੰਘ ਤੇ ਹੋਰ ਪਿੰਡ ਵਾਸੀ ਹਾਜਰ ਸਨ |