ਕਟਾਰੀਆਂ, 31 ਅਕਤੂਬਰ (ਪ੍ਰੇਮੀ ਸੰਧਵਾਂ)-ਕਟਾਰੀਆਂ ਬਲਾਕੀਪੁਰ ਸੰਪਰਕ ਸੜਕ ਦੀ ਵਿਗੜੀ ਹਾਲਤ ਸੁਧਾਰਨ ਲਈ ਪਾਇਆ ਪੱਥਰ ਰਾਹੀਗਰਾਂ ਦੀਆਂ ਜਾਨਾਂ ਦਾ ਖੌਅ ਬਣਿਆ ਹੋਇਆ ਹੈ ਕਿਉਂਕਿ ਕੋਈ ਦਿਨ ਖਾਲੀ ਨਹੀਂ ਲੰਘਦਾ ਹੋਵੇਗਾ ਜਿਸ ਦਿਨ ਦੋਪਹੀਆ ਵਾਹਨ ਚਾਲਕਾਂ ਦੇ ਫਿਸਲ ਕੇ ਡਿੱਗਣ ਕਾਰਨ ਆਏ ਦਿਨ ਗੰਭੀਰ ਸੱਟਾਂ ਨਾ ਲੱਗਦੀਆਂ ਹੋਣਗੀਆਂ | ਰਾਹਗੀਰ ਨੇ ਕਿਹਾ ਕਿ ਸੜਕ 'ਤੇ ਪਾਏ ਪੱਥਰ ਨੂੰ ਕਰੀਬ ਤਿੰਨ ਮਹੀਨੇ ਦਾ ਸਮਾਂ ਹੋ ਚੱਲਿਆ ਹੈ ਪਰ ਮੁੜ ਕੇ ਕਿਸੇ ਵੀ ਅਧਿਕਾਰੀ ਨੇ ਸੜਕ ਵੱਲ ਧਿਆਨ ਨਹੀਂ ਦਿੱਤਾ | ਜਿਸ ਕਾਰਨ ਸਰਕਾਰ ਦੀ ਅਣਗਹਿਲੀ ਦਾ ਖਮਿਆਜ਼ਾ ਰਾਹਗੀਰਾਂ ਨੂੰ ਗੰਭੀਰ ਸੱਟਾਂ ਖਾ ਕੇ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ ਸੋਚਿਆ ਸੀ ਕਿ ਸੜਕ ਜਲਦ ਤਿਆਰ ਹੋ ਜਾਵੇਗੀ ਤੇ ਰਾਹਗੀਰਾਂ ਦੇ ਲੱਗਦੀਆਂ ਸੱਟਾਂ ਤੋਂ ਬਚਾਅ ਹੋ ਜਾਵੇਗਾ ਪਰ ਸਰਕਾਰ ਨੇ ਟੁੱਟੀ ਸੜਕ 'ਤੇ ਪੱਥਰ ਪਾ ਕੇ ਰਾਹਗੀਰਾਂ ਦੀ ਜਾਨ ਲਈ ਨਵਾਂ ਹੀ ਸਿਆਪਾ ਖੜ੍ਹਾ ਕਰ ਦਿੱਤਾ ਕਿਉਂਕਿ ਸੜਕ 'ਤੇ ਪਾਇਆ ਪੱਥਰ ਉਖੜ ਚੁੱਕਾ ਹੈ ਤੇ ਪੱਥਰ ਤੋਂ ਫਿਸਲ ਕੇ ਡਿੱਗਣ ਕਾਰਨ ਰਾਹਗੀਰ ਕਈ ਵਾਰੀ ਲਹੂ ਲੁਹਾਨ ਹੁੰਦੇ ਦੇਖੇ ਜਾ ਸਕਦੇ ਹਨ ਪਰ ਲੱਗਦਾ ਪ੍ਰਸ਼ਾਸਨ ਰਾਹਗੀਰਾਂ ਦੀ ਇਸ ਗੰਭੀਰ ਸਮੱਸਿਆ ਤੋਂ ਅਣਜਾਣ ਜਾਪ ਰਿਹਾ ਹੈ ਕਿਉਂਕਿ ਸੜਕ 'ਤੇ ਪਾਏ ਪੱਥਰ 'ਤੇ ਅਜੇ ਤੱਕ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ, ਜਿਸ ਕਾਰਨ ਸੜਕ 'ਤੇ ਪਾਏ ਪੱਥਰ ਤੋਂ ਲੰਘਣਾ ਰਾਹਗੀਰਾਂ ਦਾ ਕਿਸੇ ਭਿਆਨਕ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ | ਪਿੰਡਾਂ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਰਾਹਗੀਰਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਕਟਾਰੀਆਂ-ਬਲਾਕੀਪੁਰ ਸੜਕ 'ਤੇ ਪਾਏ ਪੱਥਰ 'ਤੇ ਜਲਦ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਨਾ ਕੀਤਾ ਤਾਂ ਉਹ ਕਿਸਾਨ-ਮਜ਼ਦੂਰ ਤੇ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਕਰਨ ਤੋਂ ਗੁਰੇਜ ਨਹੀਂ ਕਰਨਗੇ |