ਬਲਾਚੌਰ, 2 ਨਵੰਬਰ (ਨਰੇਸ਼ ਧੌਲ)-ਜਿਹੜੇ ਕੰਮ ਸਰਕਾਰਾਂ ਵੱਲੋਂ ਕੀਤੇ ਜਾਣੇ ਚਾਹੀਦੇ ਹਨ ਜੇਕਰ ਉਹ ਸਮੇਂ ਸਿਰ ਨਾ ਕਰਵਾਏ ਜਾਣ ਤਾਂ ਕਈ ਵਾਰ ਕੁੱਝ ਸਮਾਜ ਸੇਵੀਆਂ ਨੂੰ ਵੀ ਅੱਗੇ ਹੋ ਕੇ ਕਰਵਾਉਣੇ ਪੈਂਦੇ ਹਨ ਤਾਂ ਜੋ ਆਮ ਲੋਕਾਂ ਨੂੰ ਕੁੱਝ ਰਾਹਤ ਮਹਿਸੂਸ ਹੋ ਸਕੇ | ਇਸੇ ਤਰਾਂ ਦੀ ਮਿਸਾਲ ਰਾਜਪੂਤ ਸਭਾ ਬਲਾਚੌਰ ਦੇ ਪ੍ਰਧਾਨ ਭੁਪਿੰਦਰ ਰਾਣਾ ਵੱਲੋਂ ਕੰਗਣਾ ਪੁਲ ਤੋਂ ਬੇਟ ਦੇ ਪਿੰਡਾਂ ਨੂੰ ਜੋੜਨ ਵਾਲੀ ਸੜਕ 'ਤੇ ਪਏ ਦੋ ਗਹਿਰੇ ਖੱਡਿਆਂ ਦੀ ਮੁਰੰਮਤ ਕਰਵਾ ਕੇ ਪੇਸ਼ ਕੀਤੀ ਗਈ | ਭੁਪਿੰਦਰ ਰਾਣਾ ਨੇ ਦੱਸਿਆ ਕਿ ਇਨ੍ਹਾਂ ਡੂੰਘੇ ਖੱਡਿਆਂ ਕਾਰਨ ਜਿੱਥੇ ਵੱਡੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਥੇ ਦੋ ਪਹੀਆਂ ਵਾਹਨ ਚਾਲਕ ਵੀ ਕਈ ਵਾਰ ਹਾਦਸਾ ਗ੍ਰਸਤ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਇਹ ਕਾਰਜ ਸਰਕਾਰ ਅਤੇ ਪ੍ਰਸ਼ਾਸਨ ਦੇ ਕਰਨ ਦਾ ਸੀ ਪ੍ਰੰਤੂ ਰੋਜ਼ਾਨਾ ਰਾਹਗੀਰਾਂ ਦੀ ਖੱਜਲ-ਖ਼ੁਆਰੀ ਹੁੰਦਿਆਂ ਵੇਖ ਖੱਡਿਆਂ ਦੀ ਮੁਰੰਮਤ ਦਾ ਕਾਰਜ ਆਪਣੇ ਵੱਲੋਂ ਹੀ ਕਰਵਾ ਦਿੱਤਾ ਗਿਆ ਹੈ |