ਬੰਗਾ, 2 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮਾਜ ਸੇਵੀ ਕਾਰਜਾਂ ਲਈ ਮੋਹਰੀ ਭੂਮਿਕਾ ਨਿਭਾ ਰਹੀ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੀ ਇੱਕ ਮਹੱਤਵਪੂਰਨ ਮੀਟਿੰਗ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਵਾਰੀਆ ਪਰਿਵਾਰ ਦੇ ਗ੍ਰਹਿ ਵਿਖੇ ਬਣੇ ਪਾਰਕ ਵਿੱਚ ਹੋਈ | ਜਿਸ ਵਿੱਚ ਬੀਤੇ ਮਹੀਨੇ ਸੰਸਥਾ ਵਲੋਂ ਕੀਤੇ ਕਾਰਜਾਂ 'ਤੇ ਤਸੱਲੀ ਪ੍ਰਗਟ ਕਰਦਿਆਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਨੇ ਆਖਿਆ ਕਿ ਮਾਨਵਤਾ ਦੇ ਭਲੇ ਹਿੱਤ ਇਨਸਾਨ ਵਲੋਂ ਕੀਤੇ ਨੇਕ ਕਾਰਜ ਹੀ ਉਸਦੀ ਵੱਡੀ ਪੂੰਜੀ ਹਨ | ਉਹਨਾਂ ਨੇ ਆਖਿਆ ਆਉਣ ਵਾਲੇ ਸਮੇਂ ਵਿੱਚ ਵੀ ਸੰਸਥਾ ਇਨਸਾਨੀਅਤ ਦੀ ਸੇਵਾ ਵਿਚ ਸਮਾਜ ਸੇਵੀ ਕਾਰਜਾਂ ਨੂੰ ਅੰਜ਼ਾਮ ਦੇਣ ਵਿਚ ਹਮੇਸ਼ਾ ਤੱਤਪਰ ਰਹਿੰਦਿਆਂ ਯਤਨਸ਼ੀਲ ਰਹੇਗੀ | ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ, ਉਪ ਚੇਅਰਮੈਨ ਸੰਦੀਪ ਕੁਮਾਰ ਗੌੜ, ਪਰਵਿੰਦਰ ਸਿੰਘ ਰਾਣਾ ਪੋਸੀ, ਪ੍ਰੈਸ ਸਕੱਤਰ ਸੁਰਿੰਦਰ ਸਿੰਘ ਕਰਮ ਅਤੇ ਸਤੀਸ਼ ਕੁਮਾਰ ਐਮਾਂ ਜੱਟਾਂ ਨੇ ਇਕ ਸੁਰ ਵਿਚ ਆਖਿਆ ਕਿ ਸੰਸਥਾ ਵਲੋਂ 28ਵੇਂ ਸਲਾਨਾ ਸਹਾਇਤਾ ਵੰਡ ਸਮਾਗਮ ਨੂੰ ਵਿਧੀਵਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਅੱਜ ਤੋਂ ਹੀ ਇਸਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ | ਡੇਰਾ ਬਾਬਾ ਨਾਨਕ ਇਲਾਕੇ ਵਿਚ ਚੱਲ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਗੱਲ ਕਰਦਿਆਂ ਵਾਰੀਆ ਨੇ ਆਖਿਆ ਕਿ ਸੰਸਥਾ ਵਲੋਂ ਅਤਿ ਦੀ ਆਰਥਿਕ ਮੰਦਹਾਲੀ ਦੇ ਚੱਲਦਿਆਂ ਪਰਿਵਾਰਾਂ ਦੇ ਢਹਿਢੇਰੀ ਹੋਏ ਮਕਾਨਾਂ ਦੇ ਨਿਰਮਾਣ ਲਈ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ | ਉਹਨਾਂ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਪਿੰਡ ਸਰਹਾਲਾ ਰਾਣੂੰਆ ਵਿਖੇ ਸੰਸਥਾ ਵਲੋਂ ਖੋਲੇ 232ਵੇਂ ਮੁਫ਼ਤ ਸਿਲਾਈ ਸੈਂਟਰ ਦੀ ਸਮਾਪਤੀ ਤੇ ਸਿਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਜਾਣਗੇ | ਨਾਲ ਹੀ ਪਿੰਡ ਸੰਧਵਾਂ ਵਿਖੇ 236ਵਾਂ ਮੁਫ਼ਤ ਸਿਲਾਈ ਸੈਂਟਰ ਖੋਲਿ੍ਹਆ ਜਾਵੇਗਾ | ਇਸ ਤੋਂ ਇਲਾਵਾ ਪਿੰਡ ਪਠਲਾਵਾ ਤੋਂ ਨਿਕਲਣ ਵਾਲੀਆਂ ਵੱਖ-ਵੱਖ ਸੜਕਾਂ 'ਤੇ ਲਗਾਏ ਬੂਟਿਆਂ ਨੂੰ ਡੈਕੋਰੇਟਿਡ ਕਰਨ ਲਈ ਵਾਈਟ ਵਾਸ਼ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਮੁਖੀ ਸਿਹਤ ਸੇਵਾਵਾਂ ਡਾ. ਪਰਮਿੰਦਰ ਸਿੰਘ ਵਾਰੀਆ, ਪ੍ਰੈਸ ਸਕੱਤਰ ਜੀ ਚੰਨੀ ਪਠਲਾਵਾ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਸੇਵਾ ਸਿੰਘ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ, ਰਾਮਜੀ, ਕਾਕਾ ਜਸਮਨ ਸਿੰਘ, ਇਸਤਰੀ ਵਿੰਗ ਦੇ ਚੇਅਰਪਰਸਨ ਕੁਲਵਿੰਦਰ ਕੌਰ ਵਾਰੀਆ, ਪ੍ਰਧਾਨ ਵਰਿੰਦਰ ਕੌਰ ਵਾਰੀਆ, ਪ੍ਰਤੀਤ ਕੌਰ ਵਾਰੀਆ, ਸਰਬਜੀਤ ਕੌਰ ਪਠਲਾਵਾ, ਬਲਵਿੰਦਰ ਕੌਰ ਪਠਲਾਵਾ, ਸਾਰਿਕਾ ਸੋਨੀ ਸੱੁਜੋਂ ਅਤੇ ਤਾਰਿਕਾ ਸੋਨੀ ਸੱੁਜੋਂ ਹਾਜ਼ਰ ਸਨ |