ਬੰਗਾ, 23 ਨਵੰਬਰ (ਕੁਲਦੀਪ ਸਿੰਘ ਪਾਬਲਾ) - ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ 'ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਰਾਗ ਦਰਬਾਰ ਕਰਵਾਇਆ ਗਿਆ | ਇਸ ਦੌਰਾਨ ਸਕੂਲ ਦੇ ਬੱਚਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 31 ਰਾਗਾਂ ਦੀ ਬਾਣੀ ਨੂੰ ਆਪਣੇ ਸੁਰੀਲੇ ਸੁਰਾਂ ਵਿੱਚ ਪ੍ਰਸਤੁਤ ਕੀਤਾ, ਜਿਸ ਨੂੰ ਸੁਣ ਕੇ ਹਾਜ਼ਰ ਸੰਗਤ ਪੂਰੀ ਤਰ੍ਹਾਂ ਨਿਹਾਲ ਹੋ ਗਈ | ਸਕੂਲ ਦੇ ਸੰਗੀਤ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਲਗਾਤਾਰ 31 ਰਾਗਾਂ ਦੀ ਵਿਸ਼ੇਸ਼ ਤਾਲੀਮ ਦਿੱਤੀ ਗਈ, ਜਿਸਦਾ ਸੁੰਦਰ ਪ੍ਰਗਟਾਵਾ ਕੀਰਤਨ ਦਰਬਾਰ ਵਿੱਚ ਦੇਖਣ ਨੂੰ ਮਿਲਿਆ | ਸਕੂਲ ਡਾਇਰੈਕਟਰ ਡਾ. ਵਰੁਣ ਜੈਨ ਨਾਲ ਇਸ ਸਮਾਗਮ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਾਲ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਨੂੰ ਸਮਰਪਿਤ ਵੱਖ-ਵੱਖ ਧਾਰਮਿਕ ਸਮਾਗਮ ਕਰ ਰਹੇ ਹਾਂ | ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਜ਼ੁਲਮ ਅਤੇ ਅਨਿਆ ਦੇ ਵਿਰੁੱਧ ਡੱਟ ਕੇ ਖੜਿ੍ਹਆਂ ਹੋਣ ਦੀ ਪ੍ਰੇਰਣਾ ਦਿੱਤੀ ਅਤੇ ਧਰਮ ਦੇ ਰਾਹ 'ਤੇ ਅਡੋਲ ਰਹਿਣ ਦੀ ਸਿੱਖਿਆ ਪ੍ਰਦਾਨ ਕੀਤੀ | ਉਨ੍ਹਾਂ ਕਿਹਾ ਕਿ ਬੀ.ਐੱਮ.ਪੀ.ਐੱਸ. ਸਕੂਲ ਹਮੇਸ਼ਾਂ ਇਹ ਯਤਨ ਕਰਦਾ ਹੈ ਕਿ ਵਿਦਿਆਰਥੀ ਆਪਣੇ ਸੱਭਿਆਚਾਰ, ਆਪਣੀ ਮੂਲ ਸਾਂਸਕਿ੍ਤਕ ਪਛਾਣ ਅਤੇ ਵਿਰਸੇ ਨਾਲ ਜੁੜੇ ਰਹਿਣ | ਅੱਜ ਦੇ ਸਮੇਂ ਵਿੱਚ ਜਿੱਥੇ ਬੱਚੇ ਲੱਚਰ ਗੀਤਾਂ ਅਤੇ ਨਾਚ ਦੀਆਂ ਧਾਰਾਵਾਂ ਵੱਲ ਖਿੱਚੇ ਜਾ ਰਹੇ ਹਨ, ਉੱਥੇ ਬੀ.ਐੱਮ.ਪੀ.ਐੱਸ. ਦੇ ਬੱਚੇ ਆਪਣੇ ਗੁਰਾਂ ਦੁਆਰਾ ਰਚੇ 31 ਰਾਗਾਂ ਵਿੱਚ ਗੁਰਬਾਣੀ ਦਾ ਰਸ ਗਾ ਰਹੇ ਹਨ-ਇਹ ਸਕੂਲ ਦੇ ਸੰਗੀਤ ਵਿਭਾਗ ਦਾ ਕਾਬਿਲ-ਏ-ਤਾਰੀਫ਼ ਯੋਗਦਾਨ ਹੈ | ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦਾ ਹਾਰਦਿਕ ਧੰਨਵਾਦ ਕੀਤਾ ਗਿਆ |