ਬੰਗਾ, 7 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਉੱਘੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਦੀ ਜਨਰਲ ਬਾਡੀ ਦੀ ਚੌਥੀ ਮੀਟਿੰਗ ਲਾਇਨ ਰਾਮ ਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਲਾਇਨ ਸੁਰਿੰਦਰ ਪ੍ਰਕਾਸ਼ ਨਰੀਅਰ ਦੀ ਪ੍ਰਧਾਨਗੀ 'ਚ ਸਥਾਨਕ ਨਿੱਜੀ ਰੈਸਟੋਰੈਂਟ ਵਿਖੇ ਹੋਈ | ਇਸ ਮੀਟਿੰਗ ਦੀ ਸ਼ੁਰੂਆਤ ਲਾਇਨ ਰਿਸ਼ੂ ਕੁਮਾਰ ਵੱਲੋਂ ਪ੍ਰਮਾਤਮਾ ਨੂੰ ਯਾਦ ਕਰਦਿਆਂ ਲਾਇਨ ਅਰਦਾਸ ਪੜ੍ਹ ਕੇ ਕੀਤੀ ਗਈ | ਇਸ ਮੀਟਿੰਗ ਨੂੰ ਅੱਗੇ ਤੋਰਦਿਆਂ ਲਾਇਨ ਹਰਦੇਵ ਸਿੰਘ ਬੇਦੀ ਵੱਲੋਂ ਜਿੱਥੇ ਪਿਛਲੇ ਲਾਇਨ ਸਾਲ ਵਿੱਚ ਕੀਤੇ ਕੰਮਾਂ 'ਤੇ ਪੰਛੀ ਝਾਤ ਮਾਰਦਿਆਂ ਕਲੱਬ ਮੈਂਬਰਾਂ ਨੂੰ ਜਾਣੂੰ ਕਰਵਾਇਆ ਉੱਥੇ ਉਨਾਂ ਇਸ ਸਮਾਗਮ ਦਾ ਮੁੱਖ ਮਕਸਦ ਲਾਇਨ ਸਤਨਾਮ ਸਾਗਰ ਅਰੋੜਾ ਦੇ 109ਵੀਂ ਇੰਟਰਨੈਸ਼ਨਲ ਕਨਵੋਕੇਸ਼ਨ ਓਰਲਾਡੋ ਅਮਰੀਕਾ ਵਿਖੇ ਸ਼ਮੂਲੀਅਤ ਕਰਨ ਤੋਂ ਬਾਅਦ ਭਾਰਤ ਵਾਪਸ ਪਰਤਣਾ ਦੱਸਿਆ | ਸਮੂਹ ਕਲੱਬ ਮੈਂਬਰਾਂ ਵੱਲੋਂ ਲਾਇਨ ਆਗੂ ਨੂੰ ਮੁਬਾਰਕਬਾਦ ਦਿੰਦਿਆਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਲਾਇਨ ਸਤਨਾਮ ਅਰੋੜਾ ਨੇ ਇੰਟਰਨੈਸ਼ਨਲ ਮੀਟਿੰਗ 'ਚ ਜੋ ਗਿਆਨ ਪ੍ਰਾਪਤ ਕੀਤਾ ਉਸ ਬਾਰੇ ਸਾਰੇ ਕਲੱਬ ਮੈਂਬਰਾਂ ਨੂੰ ਜਾਣੂੰ ਕਰਵਾਇਆ | ਉਨਾਂ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਪ੍ਰਧਾਨ ਏ. ਪੀ ਸਿੰਘ ਦੁਆਰਾ ਜੋ ਸਾਰੇ ਕਲੱਬਾਂ ਨੂੰ ਸਮਾਜ-ਸੇਵਾ ਕਰਨ ਲਈ ਟੀਚੇ ਦਿੱਤੇ ਹਨ, ਉਸ ਨੂੰ ਪੂਰਾ ਕਰਨ ਲਈ ਉਹ ਕਲੱਬ ਦਾ ਤਨਦੇਹੀ ਨਾਲ ਸਾਥ ਦੇਣਗੇ | ਇਸ ਮੀਟਿੰਗ ਵਿੱਚ ਕਲੱਬ ਵਿੱਚ ਜੁੜੇ ਨਵੇਂ ਮੈਂਬਰਾਂ ਲਾਇਨ ਹਰਪ੍ਰੀਤ ਸਿੰਘ ਸਰਪੰਚ, ਲਾਈਨ ਰਿਸ਼ੂ ਕੁਮਾਰ, ਲਾਇਨ ਸੁਵਿਕਾਸ ਐਕਸੀਅਨ, ਲਾਇਨ ਈਸ਼ ਅਰੋੜਾ ਦਾ ਲਾਇਨ ਪਿੰਨਾਂ ਅਤੇ ਲਾਇਨ ਇੰਟਰਨੈਸ਼ਨਲ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਲਾਇਨ ਹਰਦੇਵ ਸਿੰਘ ਬੇਦੀ ਵੱਲੋਂ ਨਵੇਂ ਚੁਣੇ ਮੈਂਬਰਾਂ ਨੂੰ ਕਲੱਬ ਪ੍ਰਤੀ ਡਿਊਟੀਆਂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਤਾਂ ਜੋ ਨਵੇਂ ਚੁਣੇ ਮੈਂਬਰ ਹਰ ਸਮਾਜ-ਸੇਵਾ ਦੇ ਕੰਮ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਸਕਣ | ਇਸ ਮੌਕੇ ਭਵਿੱਖ ਵਿੱਚ ਹੋਣ ਵਾਲੇ ਸਮਾਜ-ਸੇਵਾ ਦੇ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਤੇ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਰ ਅੱਖਾਂ ਦੇ ਅਪਰੇਸ਼ਨ ਕੈਂਪ ਲਗਵਾਉਣ ਦਾ ਫੈਸਲਾ ਵੀ ਕੀਤਾ ਗਿਆ | ਇਸ ਮੌਕੇ ਹਾਜ਼ਰ ਮੈਂਬਰਾਂ ਵਿੱਚ ਪਲਵਿੰਦਰ ਸਿੰਘ ਪੂੰਨੀ ਸਕੱਤਰ, ਸੁੱਚਾ ਰਾਮ ਡਾਇਰੈਕਟਰ, ਦਲਵੀਰ ਚੰਦ ਕਾਨੂੰਗੋ ਡਾਇਰੈਕਟਰ, ਨਿਰੰਜਨ ਸਿੰਘ ਡਾਇਰੈਕਟਰ, ਕਰਮਵੀਰ ਸਿੰਘ ਡਾਇਰੈਕਟਰ, ਭੁਪਿੰਦਰ ਸਿੰਘ, ਅਮਨ ਅਰੋੜਾ,ਆਦਿ ਹਾਜ਼ਰ ਸਨ |