ਕਾਠਗੜ੍ਹ, 21 ਦਸੰਬਰ (ਹਰਸਿਮਰਨਜੋਤ ਸਿੰਘ ਕਲਰ) - ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਐੱਸ.ਐੱਸ.ਪੀ ਤੁਸ਼ਾਰ ਗੁਪਤਾ ਆਈ.ਪੀ.ਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡੀ.ਐੱਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਅਗਵਾਈ ਹੇਠ ਥਾਣਾ ਸਦਰ ਬਲਾਚੌਰ ਦੇ ਮੁਖੀ ਬਿਕਰਮਜੀਤ ਸਿੰਘ, ਥਾਣਾ ਕਾਠਗੜ੍ਹ ਦੇ ਮੁਖੀ ਅਭਿਸ਼ੇਕ ਸ਼ਰਮਾ ਅਤੇ ਪੁਲਿਸ ਚੌਂਕੀ ਆਸਰੋਂ ਦੇ ਇੰਚਾਰਜ ਸਿਕੰਦਰ ਪਾਲ ਨੇ ਆਪਣੇ ਪੁਲਿਸ ਮੁਲਾਜ਼ਮਾਂ ਦੀ ਟੀਮ ਨਾਲ ਪਿੰਡ ਰੈਲ ਮਾਜਰਾ ਤੇ ਮਾਜਰਾ ਜੱਟਾਂ ਵਿਖੇ ਕਾਸੋ ਆਪ੍ਰੇਸ਼ਨ ਤਹਿਤ ਜਾਂਚ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐਸ.ਐਚ.ਓ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਉਕਤ ਪਿੰਡਾਂ ਵਿੱਚ ਘਰ-ਘਰ ਜਾ ਕੇ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਇਸ ਤਲਾਸ਼ੀ ਦੌਰਾਨ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ | ਉਹਨਾਂ ਦੱਸਿਆ ਕਿ ਇਸ ਕਾਸੋ ਆਪ੍ਰੇਸ਼ਨ ਦੌਰਾਨ ਕਿਸੇ ਵੀ ਘਰ ਤੋਂ ਕੋਈ ਵੀ ਇਤਰਾਜ਼ਯੋਗ ਨਾਜਾਇਜ਼ ਨਸ਼ਾ ਸਮਗਰੀ ਬਰਾਮਦ ਨਹੀਂ ਹੋਈ | ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਥਾਣਾ ਕਾਠਗੜ੍ਹ ਅਧੀਨ ਪੈਂਦੇ ਪਿੰਡਾਂ ਦੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਨਵਾਂਸ਼ਹਿਰ ਅਤੇ ਬਲਾਚੌਰ ਭੇਜਿਆ ਜਾਵੇਗਾ ਤਾਂ ਜੋ ਉਹ ਨਸ਼ਾ ਛੱਡ ਕੇ ਸਮਾਜ ਵਿੱਚ ਚੰਗੀ ਜ਼ਿੰਦਗੀ ਜਿਉਣ ਦਾ ਮੌਕਾ ਹਾਸਲ ਕਰਨ |