ਨਵਾਂਸ਼ਹਿਰ, 22 ਦਸੰਬਰ (ਜਸਬੀਰ ਸਿੰਘ ਨੂਰਪੁਰ) - ਗੰਨਾ ਕਿਸਾਨਾਂ ਵਲੋਂ ਮਿੱਲ੍ਹ ਦੇ ਅੰਦਰ ਵੱਡੀ ਗਿਣਤੀ 'ਚ ਇਕੱਠ ਕਰਕੇ ਮਿੱਲ੍ਹ ਮੈਨੇਜਮੈਂਟ ਦੀ ਹਾਜ਼ਰੀ 'ਚ ਮਿੱਲ੍ਹ ਦੇ ਸਹੀ ਤਰ੍ਹਾਂ ਨਾ ਚੱਲਣ ਦੇ ਕਾਰਨਾਂ ਬਾਰੇ ਪੁੱਛਿਆ ਗਿਆ | ਮਿੱਲ੍ਹ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ 'ਚ ਗੰਨਾ ਮਿੱਲ੍ਹ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਗੰਨੇ ਦੀ ਪਿੜਾਈ ਕਰੇਗੀ | ਉਹਨਾਂ ਕਿਹਾ ਕਿ ਕੋ-ਜਨਰੇਸ਼ਨ ਪਲਾਂਟ ਵੀ ਮਿੱਲ੍ਹ ਵਲੋਂ ਚਲਾਇਆ ਜਾ ਰਿਹਾ ਹੈ | ਮਿੱਲ੍ਹ ਮੈਨੇਜਮੈਂਟ ਵਲੋਂ ਕੋ-ਜਨਰੇਸ਼ਨ ਪਲਾਂਟ ਨੂੰ ਮਿੱਲ੍ਹ ਦੀ ਕਸਟਿਡੀ 'ਚ ਰੱਖਣ ਲਈ ਬਣਦੀ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ | ਇਸ ਮੌਕੇ 'ਤੇ ਕਿਸਾਨ ਆਗੂਆਂ ਸੁਰਿੰਦਰ ਸਿੰਘ ਬੈਂਸ, ਹਰਮੇਸ਼ ਢੇਸੀ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਬੈਂਸ, ਬਲਕਾਰ ਸਿੰਘ ਨੇ ਮਿੱਲ੍ਹ ਅਧਿਕਾਰੀਆ ਨੂੰ ਮਿੱਲ੍ਹ ਨੂੰ ਬੇਰੋਕ ਚਲਾਉਣ ਲਈ ਤਾਕੀਦ ਕੀਤੀ ਤਾਂ ਜੋ ਕਿਸਾਨਾਂ ਦਾ ਗੰਨਾ ਸਮੇਂ ਸਿਰ ਪੀੜਿਆ ਜਾ ਸਕੇ | ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ, ਅਗਰ ਕਿਸਾਨਾਂ ਨੂੰ ਗੰਨੇ ਦੀ ਮਿੱਲ੍ਹ ਨਾਲ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਨ | ਉਪਰੋਕਤ ਤੋਂ ਇਲਾਵਾ ਪਰਮਜੀਤ ਸਿੰਘ, ਮਨਜੀਤ ਸਿੰਘ ਚਾਹਲ, ਕੁਲਵਿੰਦਰ ਚਾਹਲ, ਬਲਜਿੰਦਰ ਸਿੰਘ, ਕੁਲਬੀਰ ਸਿੰਘ, ਬਿਕਰ ਸਿੰਘ ਅਤੇ ਹੋਰ ਹਾਜਰ ਸਨ |