ਬੰਗਾ, 22 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਕਾਲਜ ਦੇ ਸਾਬਕਾ ਵਿਦਿਆਰਥੀ ਪ੍ਰੋ. ਵਿਮਲ ਨਾਲ ਨਿੱਘੀ ਮਿਲਣੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਵਿਮਲ ਜੀ ਨੇ ਕਾਲਜ ਤੋਂ ਬੀ. ਐੱਸ.ਸੀ ਦੀ ਡਿਗਰੀ ਗੋਲਡ ਮੈਡਲ ਨਾਲ ਹਾਸਲ ਕੀਤੀ, ਉਹਨਾਂ ਨੇ ਐਮ.ਐਸ.ਸੀ ਫਿਜ਼ਿਕਸ ਪੰਜਾਬ ਯੂਨੀਵਰਸਿਟੀ ਤੋਂ ਕਰਨ ਉਪਰੰਤ ਫਿਨਲੈਂਡ ਦੀ ਹੇਲਸਿੰਕੀ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਵਿਸ਼ੇ ਵਿੱਚ ਪੀ.ਐੱਚ.ਡੀ ਕੀਤੀ ਅਤੇ ਵਰਤਮਾਨ ਸਮੇਂ ਵਿੱਚ ਉਹ ਉਮੀਆ ਯੂਨੀਵਰਸਿਟੀ, ਸਵੀਡਨ ਵਿੱਚ ਇਕ ਪ੍ਰੋਟੀਨ ਕਿਰਸਟਲੋਗਰਾਫਰ ਹਨ | ਉਹਨਾਂ ਨੂੰ ਪ੍ਰੋਟੀਨ ਦੀ ਬਣਤਰ ਨੂੰ ਦੇਖਣ ਅਤੇ ਉਸਦੇ ਕਾਰਜ ਦਾ ਪਤਾ ਲਗਾਉਣ ਲਈ ਐਕਸ-ਰੇ ਕਿਰਸਟਲੋਗਰਾਫੀ ਤਕਨੀਕ ਵਿੱਚ ਮੁਹਾਰਤ ਹੈ ਅਤੇ ਉਹ ਡੀ.ਐਨ. ਏ ਪੋਲੀਮੇਰੇਜ਼ ਐਪਸਿਲੋਨ 'ਤੇ ਕੰਮ ਕਰ ਰਹੇ ਹਨ | ਉਹਨਾਂ ਇਹ ਵੀ ਦੱਸਿਆ ਕਿ ਪ੍ਰੋ ਵਿਮਲ ਡਾ. ਇੰਦੂਰੱਤੀ ਅਤੇ ਡਾ. ਹਰਜੋਤ ਸਿੰਘ ਦੇ 1998 ਬੈਚ ਦੇ ਸਹਿਪਾਠੀ ਰਹੇ ਹਨ | ਇਸ ਮੌਕੇ ਉਹਨਾਂ ਨੇ ਜਿੱਥੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਉਥੇ ਕਾਲਜ ਦੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲੈਂਦੇ ਹੋਏ ਭਵਿੱਖ ਵਿੱਚ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਪਿ੍ੰਸੀਪਲ ਅਤੇ ਅਧਿਆਪਕ ਸਾਹਿਬਾਨ ਵੱਲੋਂ ਪ੍ਰੋ. ਵਿਮਲ ਨੂੰ ਸਨਮਾਨਿਤ ਵੀ ਕੀਤਾ ਗਿਆ | ਪ੍ਰੋ. ਵਿਮਲ ਵੱਲੋਂ ਕਾਲਜ ਦੇ ਨਾਲ ਜੁੜੇ ਰਹਿਣ ਦੀ ਵਚਨਬੱਧਤਾ ਵੀ ਦੁਹਰਾਈ ਗਈ |