ਬੰਗਾ, 23 ਦਸੰਬਰ (ਧਰਮਵੀਰ ਪਾਲ) - ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭੁੱਲਿਆ ਨਹੀਂ ਜਾ ਸਕਦਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਆਪਣੇ ਧਰਮ ਨੂੰ ਨਹੀਂ ਛੱਡਿਆ | ਇਸੇ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿਹੜੇ ਵਿੱਚ ਸਕੂਲ ਦੇ ਸੰਗੀਤ ਵਿਭਾਗ ਵੱਲੋਂ ਸ਼ਹੀਦ ਹੋਏ ਸਾਹਿਬਜ਼ਾਦਿਆਂ ਦੇ ਸਨਮਾਨ ਵਿੱਚ ਬੱਚਿਆਂ ਦਾ ਇੱਕ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਬੱਚਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ਼ਬਦ ਗਾਇਨ ਕੀਤੇ | ਇਸ ਸਮਾਗਮ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਸਭ ਤੋਂ ਪਹਿਲਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਦਰਬਾਰ ਸਜਾਇਆ ਗਿਆ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ | ਸਕੂਲ ਦੇ ਰੀਡਰਜ਼ ਕਲੱਬ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਤੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪ੍ਰਸ਼ਨ ਪੁੱਛੇ ਗਏ | ਬਾਅਦ ਵਿੱਚ ਸਕੂਲ ਦੇ ਹੈਲਥ ਐਂਡ ਵੈਲਨੈੱਸ ਕਲੱਬ ਵੱਲੋਂ ਸਕੂਲ ਵਿੱਚ ਗਰਮ ਦੁੱਧ ਦੇ ਲੰਗਰ ਰਾਹੀਂ ਸਾਰੇ ਵਿਦਿਆਰਥੀਆਂ ਨੂੰ ਦੁੱਧ ਪਿਲਾਇਆ ਗਿਆ ਅਤੇ ਬਾਬਾ ਮੋਤੀ ਰਾਮ ਮਹਿਰਾ ਨੂੰ ਸ਼ਰਧਾਂਜਲੀ ਦਿੱਤੀ ਗਈ | ਜਦੋਂ ਇਸ ਸੰਦਰਭ ਵਿੱਚ ਸਕੂਲ ਡਾਇਰੈਕਟਰ ਡਾ. ਵਰੁਣ ਜੈਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵੀਰ ਬਾਲ ਦਿਵਸ ਸਾਨੂੰ ਗੁਰੂ ਪੁੱਤਰਾਂ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ | ਉਨ੍ਹਾਂ ਭਾਰਤ ਸਰਕਾਰ ਦਾ ਆਭਾਰ ਪ੍ਰਗਟਾਇਆ ਜਿਨ੍ਹਾਂ ਨੇ ਵੀਰ ਬਾਲ ਦਿਵਸ ਘੋਸ਼ਿਤ ਕਰਕੇ ਵਿਦਿਆਰਥੀਆਂ ਨੂੰ ਇਹ ਮੌਕਾ ਦਿੱਤਾ ਜਿਸ ਨਾਲ ਉਹ ਆਪਣੇ ਧਰਮ ਅਤੇ ਸੰਸਕਿ੍ਤੀ ਦੀਆਂ ਜੜ੍ਹਾਂ ਨਾਲ ਜੁੜੇ ਰਹਿ ਸਕਣ |