ਬਹਿਰਾਮ, 29 ਦਸੰਬਰ (ਨਛੱਤਰ ਸਿੰਘ ਬਹਿਰਾਮ)-ਮੰਢਾਲੀ ਦੇ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਮੁੱਖੀ ਬਹਿਰਾਮ ਇੰਸਪੈਕਟਰ ਜਸਪ੍ਰੀਤ ਕੌਰ ਨੇ ਦੱਸਿਆ ਕੇ ਪਿੰਡ ਮੰਢਾਲੀ ਵਿਖੇ ਇੱਕ ਪ੍ਰਵਾਸੀ ਦਿਨੇਸ਼ ਕੁਮਾਰ ਪੁੱਤਰ ਰਾਜ ਕੁਮਾਰ ਜੋ ਰਵਿੰਦਰ ਸਿੰਘ ਉਰਫ਼ ਲੁਭਾਇਆ ਨੇ ਕੁਝ ਸਮਾਂ ਪਹਿਲਾਂ ਕੰਮ 'ਤੇ ਰੱਖਿਆ ਸੀ, ਜੋ ਪਰਿਵਾਰ ਸਮੇਤ ਰਹਿੰਦਾ ਸੀ | ਜਦੋਂ ਉਸ ਨੂੰ ਕੰਮ ਕਰਨ ਲਈ ਕਿਹਾ ਜਾਂਦਾ ਸੀ ਉਹ ਕੰਮ ਕਰਨ ਨੂੰ ਆਨੀ ਕਰਦਾ ਸੀ, ਰਵਿੰਦਰ ਨੇ ਕਿਹਾ ਕਿ ਮੈਂ ਇਸ ਮਹੀਨੇ ਤੇਰਾ ਹਿਸਾਬ ਕਰ ਦੇਣਾ ਹੈ, ਇਸ ਤਹਿਸ਼ ਵਿੱਚ ਆ ਕੇ ਦਿਨੇਸ਼ ਨੇ ਰਵਿੰਦਰ ਸਿੰਘ ਦੀ ਕੁੱਟਮਾਰ ਕੀਤੀ | ਰੋਲਾ ਸੁਣ ਕੇ ਉਸ ਦੀ ਪਤਨੀ ਪਲਵਿੰਦਰ ਕੌਰ ਨੇ ਆਪਣੇ ਪਤੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਸੱਟਾਂ ਦੀ ਮਾਰ ਨਾ ਸਹਿੰਦੇ ਹੋਏ ਸਿਵਲ ਹਸਪਤਾਲ ਫਗਵਾੜਾ ਪੁੱਜਣ 'ਤੇ ਰਵਿੰਦਰ ਸਿੰਘ (65) ਦੀ ਮੌਤ ਹੋ ਗਈ | ਕਥਿਤ ਦੋਸ਼ੀ ਦਿਨੇਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ |