ਅਮਲੋਹ, 23 ਸਤੰਬਰ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਸਕੂਲ ਆਫ਼ ਲਾਅ ਦੇ ਵਿਦਿਆਰਥੀਆਂ ਨੇ ਪਾਰੁਲ ਯੂਨੀਵਰਸਿਟੀ, ਬੜੌਦਾ, ਗੁਜਰਾਤ 'ਚ ਕਰਵਾਏ 'ਸੰਵਿਧਾਨ ਪੇ ਚਰਚਾ-ਮੂਟ ਕੋਰਟ ਮੁਕਾਬਲੇ' ਵਿਚ 100 ਟੀਮਾਂ ਵਿਚੋਂ 28ਵਾਂ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਯੂਨੀਵਰਸਿਟੀ ਦੀ ਟੀਮ ਵਿਚ ਪ੍ਰਦੀਪ ਕੌਰ (ਮੂਟਰ, ਬੀ.ਏ.ਐਲ.ਐਲ.ਬੀ. (ਐਚ), 9ਵਾਂ ਸਮੈਸਟਰ), ਦਿਵਿਆ ਸਿੰਗਲਾ, ਅਤੇ ਵੈਸ਼ਾਲੀ ਵਰਮਾ (ਖੋਜ-ਕਰਤਾ, ਬੀ.ਏ.ਐਲ.ਐਲ.ਬੀ. (ਐਚ), 5ਵਾਂ ਸਮੈਸਟਰ) ਸ਼ਾਮਿਲ ਸਨ | ਇਸ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਦੇ ਸਮਰਪਣ, ਤਿਆਰੀ ਅਤੇ ਵਕਾਲਤ ਦੇ ਹੁਨਰ ਨੂੰ ਦਰਸਾਉਂਦਾ ਹੈ ਜੋ ਆਪਣੇ ਸਾਥੀਆਂ ਲਈ ਇਕ ਬੇਮਿਸਾਲ ਉਦਾਹਰਨ ਕਾਇਮ ਕਰਦਾ ਹੈ | ਇਸ ਪ੍ਰਾਪਤੀ 'ਤੇ ਮਾਣ ਪ੍ਰਗਟ ਕਰਦੇ ਹੋਏ ਯੂਨੀਵਰਸਿਟੀ ਪ੍ਰਬੰਧਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਿਦਿਆਰਥੀਆਂ ਦੀ ਇਹ ਸਫ਼ਲਤਾ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਦੇ ਦੂਰ-ਦਰਸ਼ੀ ਮਾਰਗ ਦਰਸ਼ਨ ਹੇਠ ਸੰਭਵ ਹੋਈ ਹੈ | ਇਸ ਮੌਕੇ ਡੀ.ਬੀ.ਯੂ. ਦੇ ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਵਿਦਿਆਰਥੀਆਂ ਦੇ ਸਮਰਪਣ ਅਤੇ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਸਫ਼ਲਤਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੇਟਫ਼ਾਰਮਾਂ 'ਤੇ ਉੱਤਮਤਾ ਪ੍ਰਾਪਤ ਕਰਨ ਲਈ ਬਹੁਤ ਸਾਰੇ ਹੋਰ ਵਿਦਿਆਰਥੀਆ ਨੂੰ ਵੀ ਪ੍ਰੇਰਿਤ ਕਰੇਗੀ |