ਮੰਡੀ ਗੋਬਿੰਦਗੜ੍ਹ, 23 ਸਤੰਬਰ (ਰਾਜੇਸ਼ ਸ਼ਰਮਾ)-ਨਵਰਾਤਰਿਆਂ ਦੇ ਪਹਿਲੇ ਦਿਨ ਤੋਂ ਪੂਰੇ ਦੇਸ਼ ਭਰ 'ਚ ਜੀ.ਐਸ.ਟੀ. 2.0 ਲਾਗੂ ਹੋ ਗਿਆ ਹੈ | ਜੀ.ਐਸ.ਟੀ. ਸਲੈਬ ਵਿਚ ਫਲੈਟ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਕਈ ਚੀਜ਼ਾਂ ਸਸਤੀਆਂ ਹੋ ਗਈਆਂ ਹਨ ਅਤੇ ਇਸ ਨਾਲ ਰਸੋਈ ਦਾ ਬਜਟ ਵੀ ਘਟਿਆ ਹੈ ਕਿਉਂਕਿ ਜੀ.ਐਸ.ਟੀ. ਦਰਾਂ ਵਿਚ ਕਟੌਤੀ ਨਾਲ ਕਈ ਜਨਤਕ ਖਪਤ ਵਾਲੀਆਂ ਵਸਤਾਂ ਸਸਤੀ ਹੋਣਗੀਆਂ, ਇਸ ਸੰਬੰਧੀ ਗ੍ਰਹਿਣੀ ਰਿਤਿਕਾ ਤੇ ਮਮਤਾ ਦਾ ਕਹਿਣਾ ਹੈ ਕਿ ਜੀ.ਐਸ.ਟੀ. ਦਰਾਂ ਵਿਚ ਕਟੌਤੀ ਦੇ ਨਾਲ ਰਸੋਈ 'ਚ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਕਈ ਚੀਜ਼ਾਂ ਜਿਵੇਂ ਡੇਅਰੀ ਪ੍ਰੋਜੈਕਟ ਘਿਓ, ਪਨੀਰ, ਮੱਖਣ ਆਦਿ ਤੋਂ ਇਲਾਵਾ ਨਮਕੀਨ, ਕੈਚੱਪ-ਜੈਮ, ਸੁੱਕੇ-ਮੇਵੇ, ਕੌਫ਼ੀ ਅਤੇ ਆਈਸ-ਕਰੀਮ, ਸ਼ੈਂਪੂ, ਸਾਬਣ, ਬੱਚਿਆਂ ਦੇ ਪ੍ਰੋਡਕਟ ਅਤੇ ਹੋਰ ਕਈ ਪੀਣ ਵਾਲੇ ਪਦਾਰਥ ਵਰਗੀਆਂ ਕਈ ਚੀਜ਼ਾਂ ਹੁਣ ਪਹਿਲਾਂ ਨਾਲੋਂ ਸਸਤੀਆਂ ਹੋ ਜਾਣਗੀਆਂ | ਜਿਸ ਨਾਲ ਰਸੋਈ ਦੇ ਬਜਟ 'ਚ ਪੈਸੇ ਦੀ ਬੱਚਤ ਹੋਵੇਗੀ, ਜੇਕਰ ਘਰੇਲੂ ਐਲ.ਪੀ.ਜੀ. ਗੈਸ ਸਿਲੰਡਰ ਤੇ ਲੱਗਣ ਵਾਲੇ ਟੈਕਸ ਵਿਚ ਵੀ ਕਟੌਤੀ ਕੀਤੀ ਜਾਂਦੀ ਤਾਂ ਇਸ ਦਾ ਸਾਡੀ ਰਸੋਈ ਨੂੰ ਹੋਰ ਵੀ ਫ਼ਾਇਦਾ ਹੋਣਾ ਸੀ, ਉੱਥੇ ਹੀ ਰੀਅਲ ਇਸਟੇਟ ਦਾ ਕੰਮ ਕਰ ਰਹੇ ਆਰ ਕਿਊਬ ਦੇ ਮਾਲਕ ਜਤਿੰਦਰ ਦੀਕਸ਼ਿਤ ਦਾ ਕਹਿਣਾ ਹੈ ਕਿ ਸੀਮਿੰਟ ਤੇ ਜੀ.ਐਸ.ਟੀ. ਵਿਚ ਕਟੌਤੀ ਇਕ ਇਤਿਹਾਸਕ ਕਦਮ ਹੈ ਜੋ ਹਾਊਸਿੰਗ ਸੈਕਟਰ ਨੂੰ ਹੁਲਾਰਾ ਦੇਵੇਗਾ, ਲੋਕਾਂ ਦੀ ਖ਼ਰੀਦ ਸ਼ਕਤੀ ਵਧਾਏਗਾ ਅਤੇ ਜੀ.ਡੀ.ਪੀ. ਵਿਕਾਸ ਵਿਚ ਯੋਗਦਾਨ ਪਾਵੇਗਾ | ਰੀਅਲ ਅਸਟੇਟ ਨਾਲ ਜੁੜੇ ਕਿ੍ਸ਼ਨ ਵਰਮਾ ਬੌਬੀ ਦਾ ਕਹਿਣਾ ਸੀ ਕਿ ਇਹ ਰੀਅਲ ਅਸਟੇਟ ਸੈਕਟਰ ਲਈ ਇਕ ਵੱਡੀ ਰਾਹਤ ਹੈ, ਜਿਸ ਨਾਲ ਕਿਫ਼ਾਇਤੀ ਹਾਊਸਿੰਗ ਸੈਕਟਰ 'ਚ ਕੁੱਲ ਪ੍ਰੋਜੈਕਟ ਲਾਗਤ ਵਿਚ ਉਸਾਰੀ ਸਮੱਗਰੀ ਦਾ ਹਿੱਸਾ ਘਟੇਗਾ, ਸੀਮੈਂਟ 'ਤੇ ਜੀ.ਐਸ.ਟੀ. 28 ਪ੍ਰਤੀਸ਼ਤ ਤੋਂ ਘਟਾ ਕੇ 18 ਪ੍ਰਤੀਸ਼ਤ ਕਰ ਦਿੱਤਾ ਹੈ, ਜਿਸ ਨਾਲ ਘਰ ਦੀ ਉਸਾਰੀ ਦੀ ਲਾਗਤ ਥੋੜ੍ਹੀ ਘੱਟ ਜਾਵੇਗੀ | ਬਿਲਡਰਾਂ ਤੇ ਘਰ ਖ਼ਰੀਦਦਾਰਾਂ ਦੋਵਾਂ ਨੂੰ ਇਸ ਦਾ ਫ਼ਾਇਦਾ ਹੋਵੇਗਾ |