ਜਖਵਾਲੀ, 27 ਸਤੰਬਰ (ਨਿਰਭੈ ਸਿੰਘ)-ਸਿਹਤ ਵਿਭਾਗ ਵਲੋਂ ਪਿੰਡ ਚਨਾਰਥਲ ਕਲਾਂ ਵਿਖੇ ਮੌਸਮੀ ਬੀਮਾਰੀਆਂ, ਡੈਂਗੂ, ਮਲੇਰੀਆ ਅਤੇ ਚਿਕਨਗੁਨੀਆ ਦੀ ਰੋਕਥਾਮ ਲਈ ਡਰਾਈ ਡੇਅ ਮੁਹਿੰੰਮ ਚਲਾਈ ਗਈ | ਇਸ ਮੁਹਿੰਮ ਦੀ ਅਗਵਾਈ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਡਾ. ਸੁਰਿੰਦਰ ਸਿੰਘ ਵਲੋਂ ਕੀਤੀ ਗਈ | ਜਿਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਦੀ ਟੀਮ ਦੇ ਨਾਲ ਘਰ-ਘਰ ਜਾ ਕੇ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਅਤੇ ਮਿਲੇ ਲਾਰਵੇ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ | ਉਨ੍ਹਾਂ ਇਲਾਕਾਵਾਸੀਆਂ ਨੂੰ ਅਪੀਲ ਕੀਤੀ ਕਿ ਮੌਸਮੀ ਬੀਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਨਾ ਕੀਤੀ ਜਾਵੇ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁੱਥਰਾ ਰੱਖਿਆ ਜਾਵੇ | ਕੂਲਰਾਂ, ਪੌਦਿਆਂ ਦੇ ਫੁੱਲਦਾਨ, ਖ਼ਾਲੀ ਬੋਤਲਾਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੀਆਂ ਥਾਵਾਂ ਦੀ ਨਿਯਮਤ ਜਾਂਚ ਕੀਤੀ ਜਾਵੇ | ਉਨ੍ਹਾਂ ਲੋਕਾਂ ਨੂੰ ਡੈਂਗੂ ਫੈਲਣ ਦੇ ਲੱਛਣਾਂ ਅਤੇ ਇਲਾਜ਼ ਬਾਰੇ ਵੀ ਜਾਣਕਾਰੀ ਦਿੱਤੀ | ਇਸ ਟੀਮ ਵਿਚ ਸੁਰਜੀਤ ਸਿੰਘ ਸਿਹਤ ਇੰਸਪੈਕਟਰ, ਸੁਰਿੰਦਰ ਸਿੰਘ ਬੀ.ਈ.ਈ., ਰਜੀਆ ਖ਼ਾਨ, ਸਰਬਜੀਤ ਕੌਰ, ਬੀਰਪਾਲ ਕੌਰ ਮਲਟੀਪਰਪਜ਼ ਵਰਕਰ (ਫੀਮੇਲ), ਲਖਵੀਰ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਕੌਰ, ਰਣਜੀਤ ਕੌਰ ਆਸ਼ਾ ਵਰਕਰਾਂ ਅਤੇ ਨਰਸਿੰਗ ਵਿਦਿਆਰਥੀ ਵੀ ਸ਼ਾਮਿਲ ਸਨ |