ਫ਼ਤਹਿਗੜ੍ਹ ਸਾਹਿਬ, 23 ਨਵੰਬਰ (ਮਨਪ੍ਰੀਤ ਸਿੰਘ)-ਗ੍ਰੈਪਲਿੰਗ ਸਪੋਰਟਸ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਵਲੋਂ ਪ੍ਰਧਾਨ ਨੀਰਜ ਸ਼ਰਮਾ ਦੀ ਅਗਵਾਈ ਹੇਠ ਸਾਹਿਬਜ਼ਾਦਿਆਂ ਦੇ ਸੰਸਕਾਰਿਕ ਸਥਾਨ, ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਇਕ ਵਿਸ਼ਾਲ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਖੇਡਾਂ ਨਾਲ ਜੁੜੇ ਨੌਜਵਾਨਾਂ ਤੇ ਸਥਾਨਕ ਖਿਡਾਰੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਸਮਾਗਮ ਵਿਚ ਹਾਜ਼ਰੀ ਭਰੀ, ਜਿਨ੍ਹਾਂ ਦੁਆਰਾ 10 ਦੇ ਕਰੀਬ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ 'ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਖਿਡਾਰੀਆਂ ਨੂੰ ਸਿਰੋਪਾਉ ਪਾ ਕੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਸੋਢੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਸਮੇਂ 'ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਇਕ ਵੱਡੀ ਚੁਣੌਤੀ ਹੈ ਅਤੇ ਇਸ ਪੜਾਅ 'ਤੇ ਉਨ੍ਹਾਂ ਨੂੰ ਖੇਡਾਂ ਵੱਲ ਮੋੜਨਾ ਬੇਹੱਦ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਕਿਹਾ ਕਿ ਗ੍ਰੈਪਲਿੰਗ ਸਪੋਰਟਸ ਐਸੋਸੀਏਸ਼ਨ ਵਲੋਂ ਨੌਜਵਾਨਾਂ ਨੂੰ ਇਕ ਸਿਹਤਮੰਦ ਅਤੇ ਵਿਲੱਖਣ ਪਲੇਟਫ਼ਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜੋ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਸਾਰੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ | ਇਸੇ ਤਰ੍ਹਾਂ ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਸ਼ਰਮਾ ਨੇ ਦੱਸਿਆ ਕਿ ਸਮਾਗਮ ਵਿਚ ਸਨਮਾਨਿਤ ਕੀਤੇ ਗਏ ਖਿਡਾਰੀਆਂ ਨੇ ਪਿਛਲੇ ਕੁਝ ਸਮਿਆਂ ਦੌਰਾਨ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸਨਮਾਨ ਪ੍ਰਾਪਤ ਖਿਡਾਰੀਆਂ ਦੀਆਂ ਉਪਲਬਧੀਆਂ ਨੂੰ ਸਾਰਿਆਂ ਦੇ ਸਾਹਮਣੇ ਰੱਖਣ ਨਾਲ ਨੌਜਵਾਨ ਖਿਡਾਰੀਆਂ ਨੂੰ ਹੋਰ ਵੀ ਉਤਸ਼ਾਹ ਅਤੇ ਜੋਸ਼ ਨਾਲ ਖੇਡ ਮੈਦਾਨ ਵਿਚ ਉੱਤਰਨ ਦੀ ਪ੍ਰੇਰਨਾ ਮਿਲਦੀ ਹੈ |
ਸਮਾਗਮ ਦੇ ਅੰਤ 'ਤੇ ਸਾਰੇ ਵਿਸ਼ੇਸ਼ ਮਹਿਮਾਨਾਂ, ਸਹਾਇਕ ਕੋਚਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਖੇਡਾਂ ਦੇ ਰਾਹੀਂ ਸਮਾਜ ਨੂੰ ਨਸ਼ਾ-ਮੁਕਤ ਕਰਨ ਦੇ ਸੰਕਲਪ ਨੂੰ ਅੱਗੇ ਵਧਾਉਣ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਸੁਖੀ ਥਾਬਲਾਂ, ਹਰਨੇਕ ਸਿੰਘ, ਵਰਲਡ ਚੈਂਪੀਅਨ ਜਤਿਨ ਕੁਮਾਰ, ਮਨਪ੍ਰੀਤ ਕੌਰ, ਪ੍ਰੀਤੀ, ਪਿ੍ੰਸ ਕੁਮਾਰ, ਨਵਦੀਪ ਕੌਰ ਰਾਠੌਰ, ਵਿਰਾਟ ਸਿੰਘ, ਜਤਿੰਦਰ ਸਿੰਘ, ਗੁਰਜੀਤ ਸਿੰਘ, ਸ਼ਵੇਤਾ, ਪ੍ਰਗਿਆ, ਮਹਿਕ, ਮੁਸਕਾਨ ਪ੍ਰੀਤ ਕੌਰ, ਜਪਜੀ ਕੌਰ, ਮਨਰੀਤ ਕੌਰ ਤੇ ਸਹਾਇਕ ਕੋਚ ਅੰਜੂ ਆਦਿ ਹਾਜ਼ਰ ਸਨ |
ਬਲਵੀਰ ਸਿੰਘ ਸੋਢੀ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਦਾ ਕੀਤਾ ਸਨਮਾਨ
ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਬਲਾਕ ਪ੍ਰਧਾਨ ਬਲਵੀਰ ਸਿੰਘ ਸੋਢੀ, ਕੋਚ ਨੀਰਜ ਸ਼ਰਮਾ ਤੇ ਹੋਰ | ਤਸਵੀਰ: ਕਰਨ<br/>
24-11-2025