ਖਮਾਣੋਂ, 23 ਨਵੰਬਰ (ਮਨਮੋਹਣ ਸਿੰਘ ਕਲੇਰ)-ਹਲਕੇ ਦੇ ਸਾਰੇ ਪਿੰਡਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 29 ਨਵੰਬਰ ਦਿਨ ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਵਾਲੀ ਪੈਦਲ ਯਾਤਰਾ ਦੀ ਤਿਆਰੀ ਸੰਬੰਧੀ ਡਾ. ਮਨੋਹਰ ਸਿੰਘ ਨੇ ਆਪਣੇ ਸਾਥੀਆਂ ਨਾਲ ਮੀਟਿੰਗ ਕੀਤੀ | ਇਹ ਜਾਣਕਾਰੀ ਸਾਂਝੀ ਕਰਦਿਆਂ 'ਸਾਡੀ ਸਾਂਝ' ਸੰਸਥਾ ਦੇ ਮੁਖੀ ਤੇ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਡਾ. ਮਨੋਹਰ ਸਿੰਘ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ ਵਿਚ ਪਹਿਲੀ ਵਾਰ ਹੋਣ ਵਾਲੀ ਇਸ ਪੈਦਲ ਯਾਤਰਾ ਦੀ ਤਿਆਰੀਆਂ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਯਾਤਰਾ ਤਹਿਤ ਰੋਜ਼ਾਨਾ ਸੱਤ ਤੋਂ ਦਸ ਪਿੰਡਾਂ ਵਿਚ ਇਕ ਜਥੇ ਵਲੋਂ ਪੈਦਲ ਚੱਲ ਕੇ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਸਿੱਜਦਾ ਕੀਤਾ ਜਾਵੇਗਾ | ਡਾ. ਮਨੋਹਰ ਸਿੰਘ ਨੇ ਅੱਗੇ ਆਖਿਆ ਕਿ ਇਸ ਯਾਤਰਾ ਦੀ ਸ਼ੁਰੂਆਤ ਹਲਕੇ ਦੇ ਵੱਡੇ ਪਿੰਡ ਨੰਦਪੁਰ ਕਲੌੜ ਦੇ ਮੁੱਖ ਦਰਵਾਜ਼ੇ ਤੇ ਇਕ ਇਕੱਠ ਵਿਚ ਸ਼ਨੀਵਾਰ ਮਿਤੀ 29 ਨਵੰਬਰ ਨੂੰ ਸਵੇਰੇ 9 ਵਜੇ ਸੁਖਮਨੀ ਸਾਹਿਬ ਪਾਠ ਭੋਗ ਅਤੇ ਅਰਦਾਸ ਉਪਰੰਤ ਹੋਵੇਗੀ ਜਿਸ ਵਿਚ ਪਿੰਡਾਂ ਦੇ ਲੋਕਾਂ ਨੂੰ ਸ਼ਾਮਿਲ ਹੋਣ ਲਈ ਸਨਿਮਰ ਬੇਨਤੀ ਕੀਤੀ ਜਾ ਰਹੀ ਹੈ | ਪੈਦਲ ਯਾਤਰਾ ਦੇ ਆਖ਼ਰੀ ਪੜਾਅ ਵਿਚ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਸੰਗਤਾਂ ਨਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਯਾਤਰਾ ਦੀ ਸਮਾਪਤੀ ਹੋਵੇਗੀ | ਇਸ ਮੌਕੇ ਕਾਂਗਰਸ ਪਾਰਟੀ ਆਗੂ ਓਮਪ੍ਰਕਾਸ਼ ਤਾਂਗੜੀ, ਸਾਬਕਾ ਚੇਅਰਮੈਨ ਵਰਿੰਦਰਪਾਲ ਸਿੰਘ ਵਿੰਕੀ, ਮਿਊਾਸੀਪਲ ਕੌਂਸਲਰ ਕਰਮਜੀਤ ਸਿੰਘ ਢੀਂਡਸਾ, ਗੁਰਦੀਪ ਸਿੰਘ ਦੀਪਾ ਸਰਪੰਚ, ਜਸਦੀਪ ਸਿੰਘ ਬਹੇੜ, ਸ਼ਹਿਰੀ ਕਾਂਗਰਸ ਪ੍ਰਧਾਨ ਕਿਸ਼ੋਰੀ ਲਾਲ, ਜਸਵੀਰ ਸਿੰਘ ਕੱਜਲਮਾਜਰਾ, ਸਾਬਕਾ ਸਰਪੰਚ ਮਨਜੀਤ ਸਿੰਘ ਨੰਦਪੁਰ, ਸੁੱਖੀ ਬਦੇਸ਼ਾ, ਸਰਪੰਚ ਵਰਿੰਦਰ ਸਿੰਘ ਕਾਲੌਂਦੀ ਤੇ ਹੋਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਇਲਾਕੇ ਦੇ ਪਿੰਡਾਂ ਨੂੰ ਅਲੱਗ ਅਲੱਗ ਖੇਤਰਾਂ ਵਿਚ ਵੰਡ ਕੇ ਆਪਣੇ ਸਾਥੀਆਂ ਦੀਆਂ ਕਮੇਟੀਆਂ ਬਣਾਈਆਂ ਗਈਆਂ |