ਫ਼ਤਹਿਗੜ੍ਹ ਸਾਹਿਬ, 5 ਦਸੰਬਰ (ਬਲਜਿੰਦਰ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਤਬਦੀਲ ਹੋ ਕੇ ਆਏ ਗੁਰਦੀਪ ਸਿੰਘ ਕੰਗ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ, ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਤੇ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਮਨਮੋਹਨ ਸਿੰਘ ਮਕਾਰੋਂਪੁਰ ਦੀ ਅਗਵਾਈ ਹੇਠ ਸਟਾਫ਼ ਤੇ ਅਕਾਲੀ ਵਰਕਰਾਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਿਰੋਪਾਉ ਦੇ ਕੇ ਉਨ੍ਹਾਂ ਨੂੰ ਚਾਰਜ ਸੰਭਾਲਣ 'ਤੇ ਵਧਾਈ ਦਿੱਤੀ ਗਈ | ਇਸ ਮੌਕੇ ਜਥੇਦਾਰ ਰਿਆ ਨੇ ਕਿਹਾ ਕਿ ਗੁਰਦੀਪ ਸਿੰਘ ਕੰਗ ਇਸ ਤੋਂ ਪਹਿਲਾਂ ਵੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਤੇ ਉਹ ਦਸੰਬਰ ਮਹੀਨੇ ਦੇ ਅਖੀਰਲੇ ਹਫ਼ਤੇ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਭਰਨ ਵਾਲੀ ਸ਼ਹੀਦੀ ਸਿੰਘ ਸਭਾ ਦੇ ਪ੍ਰਬੰਧਾਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਦਾ ਤਜਰਬਾ ਰੱਖਦੇ ਹਨ | ਇਸ ਮੌਕੇ ਭਾਈ ਕੰਗ ਨੇ ਕਿਹਾ ਕਿ ਸ਼ਹੀਦੀ ਸਿੰਘ ਸਭਾ ਦੌਰਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ, ਗੁਰਦੁਆਰਾ ਠੰਡਾ ਬੁਰਜ਼ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸਮੇਤ ਹੋਰ ਇਤਿਹਾਸਿਕ ਗੁਰਧਾਮਾਂ 'ਤੇ ਦਰਸ਼ਨ ਦੀਦਾਰਿਆਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧ ਵਲੋਂ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਰਿਹਾਇਸ਼, ਲੰਗਰਾਂ, ਪਾਰਕਿੰਗ ਸਮੇਤ ਹੋਰ ਪ੍ਰਬੰਧ ਜਲਦ ਹੀ ਮੁਕੰਮਲ ਕਰ ਲਏ ਜਾਣਗੇ | ਇਸ ਮੌਕੇ ਐਡੀਸ਼ਨਲ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਮੀਤ ਮੈਨੇਜਰ ਕੁਲਵਿੰਦਰ ਸਿੰਘ ਚੀਮਾ, ਗਿਆਨੀ ਅਤਰ ਸਿੰਘ ਦਲੇਰ ਹੈੱਡਗ੍ਰੰਥੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਹਰਮਨਜੀਤ ਸਿੰਘ ਤੇ ਗੁਰਇਕਬਾਲ ਸਿੰਘ ਮਾਨ ਰਿਕਾਰਡ ਕੀਪਰ, ਹਰਜੀਤ ਸਿੰਘ ਅਲੀਪੁਰ, ਗਗਨਦੀਪ ਸਿੰਘ, ਅਕਾਸ਼ਦੀਪ ਸਿੰਘ, ਬਲਜੀਤ ਸਿੰਘ, ਨਿਰਵੀਰ ਸਿੰਘ ਖ਼ਜ਼ਾਨਚੀ, ਰਾਜਿੰਦਰ ਸਿੰਘ, ਡਾ. ਪਿ੍ਤਪਾਲ ਸਿੰਘ, ਗੁਰਦੀਪ ਸਿੰਘ ਨੌਲੱਖਾ, ਜ਼ੈਲਦਾਰ ਸੁਖਵਿੰਦਰ ਸਿੰਘ ਘਮੰਡਗੜ੍ਹ, ਜਸਵੰਤ ਸਿੰਘ ਮੰਡੋਫਲ, ਮੈਨੇਜਰ ਰਣਜੀਤ ਸਿੰਘ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ |