ਫ਼ਤਹਿਗੜ੍ਹ ਸਾਹਿਬ, 18 ਦਸੰਬਰ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਨੇ ਖੋਜ ਵਿਦਵਾਨਾਂ ਲਈ ਇਕ ਵਿਸ਼ੇਸ਼ ਗੱਲਬਾਤ ਸੈਸ਼ਨ ਕਰਵਾਇਆ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਆਪਣੀ ਡਾਕਟਰੇਟ ਯਾਤਰਾ 'ਤੇ ਮਾਰਗ ਦਰਸ਼ਨ ਕਰਨਾ ਸੀ | ਸੈਸ਼ਨ ਵਿਚ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਬੀ. ਐੱਸ. ਭਾਟੀਆ, ਪ੍ਰੋ. ਵਾਇਸ ਚਾਂਸਲਰ ਡਾ. ਐੱਸ. ਸੀ. ਸ਼ਰਮਾ ਅਤੇ ਡਿਪਟੀ ਰਜਿਸਟਰਾਰ ਡਾ. ਡਿੰਪਲ ਸ਼ਰਮਾ ਆਦਿ ਨੇ ਸ਼ਿਰਕਤ ਕੀਤੀ | ਡਾ. ਭਾਟੀਆ ਨੇ ਵਿਦਵਾਨਾਂ ਨੂੰ ਸੰਬੋਧਨ ਕਰਦਿਆਂ ਖੋਜ ਦੇ ਸ਼ੁਰੂਆਤੀ ਪੜਾਵਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਇਕ ਵਿਹਾਰਕ ਖੋਜ ਸਮੱਸਿਆ ਦੀ ਪਛਾਣ ਕਿਵੇਂ ਕਰਨੀ ਹੈ ਬਾਰੇ ਕੀਮਤੀ ਸੁਝਾਅ ਦਿੱਤੇ ਅਤੇ ਉਨ੍ਹਾਂ ਦੇ ਕੰਮ ਲਈ ਇਕ ਠੋਸ ਸਿਧਾਂਤਕ ਨੀਂਹ ਸਥਾਪਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ | ਡਾ: ਐੱਸ. ਸੀ. ਸ਼ਰਮਾ ਨੇ ਖੋਜ ਵਿਧੀ ਦੇ ਤਕਨੀਕੀ ਪਹਿਲੂਆਂ ਤੇ ਮਾਰਗ ਦਰਸ਼ਨ ਕੀਤਾ | ਉਨ੍ਹਾਂ ਵਿਦਵਾਨਾਂ ਨੂੰ ਅਕਾਦਮਿਕ ਇਮਾਨਦਾਰੀ ਨੂੰ ਬਰਕਰਾਰ ਰੱਖਣ, ਸਖ਼ਤ ਤੇ ਅਰਥਪੂਰਨ ਖੋਜ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਆਪਣੇ ਅਧਿਐਨਾਂ ਲਈ ਇਕ ਅਨੁਸ਼ਾਸਿਤ, ਯੋਜਨਾਬੱਧ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ | ਡਾ. ਡਿੰਪਲ ਸ਼ਰਮਾ ਨੇ ਆਪਣੀ ਡਾਕਟਰੇਟ ਯਾਤਰਾ ਦੌਰਾਨ ਧਿਆਨ ਕੇਂਦਰਿਤ ਅਤੇ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੋਰਸ ਵਰਕ ਦੀ ਸਫ਼ਲਤਾ ਪੂਰਵਕ ਪੂਰਤੀ, ਉਨ੍ਹਾਂ ਦੀ ਖੋਜ ਯਾਤਰਾ ਵਿਚ ਪਹਿਲਾ ਮੀਲ ਪੱਥਰ ਹੈ | ਉਨ੍ਹਾਂ ਖੋਜ ਸੰਖੇਪ ਜਮਾਂ ਕਰਾਉਣ ਲਈ ਰੂਪ ਰੇਖਾ ਦਿੱਤੀ | ਸੈਸ਼ਨ ਨੇ ਜੁਲਾਈ 2025 ਬੈਚ ਲਈ ਯੂਨੀਵਰਸਿਟੀ ਦੀ ਸੀਨੀਅਰ ਅਕਾਦਮਿਕ ਲੀਡਰਸ਼ਿਪ ਤੋਂ ਸਲਾਹ ਅਤੇ ਮਾਰਗ ਦਰਸ਼ਨ ਪ੍ਰਾਪਤ ਕਰਨ ਦਾ ਇਕ ਵਿਲੱਖਣ ਮੌਕਾ ਪੇਸ਼ ਕੀਤਾ ਜਿਸ ਨਾਲ ਉਨ੍ਹਾਂ ਦੇ ਭਵਿੱਖ ਦੇ ਖੋਜ ਯਤਨਾਂ ਲਈ ਇਕ ਸਕਾਰਾਤਮਿਕ ਸੁਰ ਸਥਾਪਤ ਹੋਈ |