ਅਮਲੋਹ, 19 ਦਸੰਬਰ (ਹਰਪ੍ਰੀਤ ਸਿੰਘ ਗਿੱਲ)-ਬਲਾਕ ਅਮਲੋਹ ਵਿਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਪੂਰੀ ਤਰ੍ਹਾਂ ਪਾਰਦਰਸ਼ੀ, ਨਿਰਪੱਖ ਤੇ ਸ਼ਾਂਤਮਈ ਮਾਹੌਲ ਵਿਚ ਸੰਪੰਨ ਹੋਈਆਂ | ਪ੍ਰਸ਼ਾਸਨਿਕ ਅਧਿਕਾਰੀ ਤੇ ਆਮ ਲੋਕ ਜਿਸ ਦਾ ਪੂਰਾ ਸਿਹਰਾ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਸੋਚ ਅਤੇ ਸਪੱਸ਼ਟ ਨੀਤੀਆਂ ਨੂੰ ਦਿੰਦੇ ਹਨ | ਹਲਕੇ ਦੇ ਲੋਕਾਂ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਪੱਖਪਾਤ, ਧੱਕੇਸ਼ਾਹੀ ਜਾਂ ਗੜਬੜ ਦੀ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ | ਚੋਣ ਪ੍ਰਕਿਰਿਆ ਸਬੰਧੀ ਜਦੋਂ ਉਪ ਮੰਡਲ ਮਜਿਸਟਰੇਟ ਚੇਤਨ ਬੰਗੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਵਿਧਾਇਕ ਬੜਿੰਗ ਵਲੋਂ ਸਾਫ਼ ਨਿਰਦੇਸ਼ ਸਨ ਕਿ ਕਿਸੇ ਵੀ ਜ਼ੋਨ ਵਿਚ ਕਿਸੇ ਵੀ ਉਮੀਦਵਾਰ ਨਾਲ ਧੱਕੇਬਾਜ਼ੀ ਨਾ ਹੋਵੇ ਤੇ ਪੂਰੇ ਪਾਰਦਰਸ਼ੀ ਤਰੀਕੇ ਨਾਲ ਚੋਣਾਂ ਕਰਵਾਈਆਂ ਜਾਣ | ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਅਤੇ ਉੱਚ ਅਧਿਕਾਰੀਆਂ ਵਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਕਾਰਨ ਪੂਰੇ ਬਲਾਕ ਵਿਚ ਚੋਣ ਪ੍ਰਕਿਰਿਆ ਸੰਵਿਧਾਨਕ ਤੇ ਸ਼ਾਂਤਮਈ ਢੰਗ ਨਾਲ ਸੰਪੰਨ ਹੋਈ | ਉਨ੍ਹਾਂ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਦੇ ਨਤੀਜੇ ਵੀ ਸਭ ਦੇ ਸਾਹਮਣੇ ਹਨ, ਕਿਉਂਕਿ ਉਨ੍ਹਾਂ ਦੀ ਪਾਰਟੀ ਨੇ 17 'ਚੋਂ 13 ਬਲਾਕ ਸੰਮਤੀ ਹਲਕਿਆਂ 'ਤੇ ਅਤੇ 2 'ਚੋਂ 2 ਜ਼ਿਲ੍ਹਾ ਪ੍ਰੀਸ਼ਦ ਹਲਕਿਆਂ 'ਤੇ ਜਿੱਤ ਹਾਸਲ ਕੀਤੀ | ਉਨ੍ਹਾਂ ਦੱਸਿਆ ਕਿ ਬੁੱਗਾ ਜ਼ੋਨ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਸਲਾਣਾ ਨੇ ਪੂਰੇ ਜ਼ਿਲ੍ਹੇ ਵਿਚ ਸਭ ਤੋਂ ਵੱਧ ਮਾਰਜਨ ਨਾਲ ਜਿੱਤ ਦਰਜ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਮਜ਼ਬੂਤ ਜਨ ਆਧਾਰ ਉਨ੍ਹਾਂ ਆਗੂਆਂ ਦਾ ਹੀ ਹੁੰਦਾ ਹੈ ਜੋ ਪੂਰੀ ਲਗਨ, ਮਿਹਨਤ ਸਾਫ਼-ਸੁਥਰੇ ਢੰਗ ਤਰੀਕੇ ਨਾਲ ਪਬਲਿਕ ਵਿਚ ਵਿਚਰਦੇ ਹਨ |