ਫ਼ਤਹਿਗੜ੍ਹ ਸਾਹਿਬ, 19 ਦਸੰਬਰ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ ਨੇ 'ਆਪ' ਦੇ ਵਿਕਾਸ ਕਾਰਜਾਂ 'ਤੇ ਮੋਹਰ ਲਗਾਈ ਹੈ, ਜਿਸ ਨਾਲ ਸਾਬਤ ਹੁੰਦਾ ਹੈ ਕਿ ਸੂਬੇ ਦੇ ਲੋਕ 'ਆਪ' ਦੀਆਂ ਨੀਤੀਆਂ ਨਾਲ ਜੁੜੇ ਹੋਏ ਹਨ | ਇਨ੍ਹਾਂ ਗੱਲਾ ਦਾ ਪ੍ਰਗਟਾਵਾ 'ਆਪ' ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਜੈ ਸਿੰਘ ਲਿਬੜਾ ਤੇ ਬਸੀ ਹਲਕੇ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਜੇਤੂ ਉਮੀਦਵਾਰਾਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਨ, ਜਿਨ੍ਹਾਂ ਦੁਆਰਾ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਲੋਕ 'ਆਪ' ਦੀਆਂ ਨੀਤੀਆਂ ਤੋਂ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ 'ਆਪ' ਦੁਆਰਾ ਸੂਬੇ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਇਕ-ਇਕ ਕਰ ਪੂਰਾ ਕੀਤਾ ਗਿਆ ਹੈ, ਜਿਸ 'ਚ ਮੁਫ਼ਤ ਬਿਜਲੀ ਦੀ ਸਹੂਲਤ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਭਿ੍ਸ਼ਟਾਚਾਰ ਦਾ ਖ਼ਾਤਮਾ, ਨਸ਼ਿਆਂ ਵਿਰੁੱਧ ਮੁਹਿੰਮ, ਸਿੱਖਿਆ ਤੇ ਸਿਹਤ ਸਹੂਲਤਾਂ 'ਚ ਵੱਡਾ ਸੁਧਾਰ ਆਦਿ ਹਨ, ਜਿਸ ਸਦਕਾ ਕਿ ਸੂਬੇ ਦੇ ਲੋਕਾਂ 'ਚ ਖ਼ੁਸ਼ੀ ਦੀ ਲਹਿਰ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਆਰਡੀਨੇਟਰ ਐਸ.ਸੀ ਵਿੰਗ ਵਰਿੰਦਰ ਸਿੰਘ ਵੀਰੂ, ਬਲਾਕ ਸੰਮਤੀ ਤੋਂ ਜੇਤੂ ਮਨਦੀਪ ਧਨੈਲਾ, ਹਰਭਜਨ ਸਿੰਘ ਜਟਾਣਾ, ਕਵਿੱਕਰ ਸੇਖੋਂ, ਜ਼ਿਲ੍ਹਾ ਪ੍ਰੀਸ਼ਦ ਤੋਂ ਜੇਤੂ ਗੋਗੀ ਅਮਰਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪਰਮਿੰਦਰ ਕੌਰ, ਅਜੀਤ ਸਿੰਘ, ਗੁਰੀ ਬਰਵਾਲੀ ਤੇ ਨਵਦੀਪ ਸਿੰਘ ਨਬੀ ਆਦਿ ਹਾਜ਼ਰ ਸਨ |