ਮੰਡੀ ਗੋਬਿੰਦਗੜ੍ਹ, 20 ਦਸੰਬਰ (ਇਕਬਾਲਦੀਪ ਸੰਧੂ)-ਨਗਰ ਪਾਲਿਕਾ ਪੈਨਸ਼ਨਰਜ਼ ਵੈੱਲਫੇਅਰ ਸੁਸਾਇਟੀ ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਮੀਟਿੰਗ ਗਿਆਨੀ ਗੁਰਬਖ਼ਸ਼ ਸਿੰਘ ਸੰਗਤਪੁਰਾ ਦੀ ਪ੍ਰਧਾਨਗੀ ਹੇਠ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਹੋਈ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਹਿਤੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਮਹਿਤੋਂ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸਾਕਾ ਸਰਹਿੰਦ ਦੇ ਮਹਾਨ ਸ਼ਹੀਦਾਂ ਨੂੰ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ੍ਹ ਭੇਟ ਕੀਤੇ ਗਏ | ਉਪਰੰਤ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਮੂਹ ਕਰਮਚਾਰੀਆਂ ਲਈ ਲਾਗੂ ਕੀਤੀ ਜਾਵੇ, ਜੋ ਕਿ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ | ਇਸ ਤੋਂ ਇਲਾਵਾ ਸਰਕਾਰ ਵਲੋਂ 2.59 ਦੇ ਅਨੁਸਾਰ ਪੈਨਸ਼ਨ ਸੋਧ ਕੇ ਲਾਗੂ ਕਰਨ ਅਤੇ ਜਨਵਰੀ 2016 ਤੋਂ ਪੇਅ-ਕਮਿਸ਼ਨ ਦੀ ਰਿਵਾਈਜ਼ ਦੇ ਬਕਾਇਆ ਦੇਣ ਦੀ ਮੰਗ ਕੀਤੀ ਗਈ | ਬੁਲਾਰਿਆਂ ਨੇ ਅੱਗੇ ਕਿਹਾ ਕਿ ਆਊਟ ਸੋਰਸ ਸਕੀਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ ਤਾਂ ਜੋ ਮੁਲਾਜ਼ਮ ਆਪਣੇ ਪਰਿਵਾਰ ਦਾ ਆਰਥਿਕ ਪੱਖੋਂ ਵਧੀਆਂ ਗੁਜ਼ਾਰਾ ਕਰ ਸਕਣ | ਮੀਟਿੰਗ ਦੌਰਾਨ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਰਾਜਿੰਦਰ ਸਿੰਘ ਜਰਗੜੀ ਨੇ ਨਿਭਾਈ ਅਤੇ ਪੈਨਸ਼ਨਰ ਦਿਵਸ ਦੀ ਵਧਾਈ ਦਿੱਤੀ ਜਦਕਿ ਸੁਸਾਇਟੀ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਨੇ ਆਏ ਸਾਰੇ ਸੇਵਾ ਮੁਕਤ ਮੁਲਾਜ਼ਮਾਂ ਅਤੇ ਜ਼ਿਲ੍ਹਾ ਪ੍ਰਧਾਨ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਹਿਤੋਂ, ਇਕਾਈ ਪ੍ਰਧਾਨ ਗੁਰਬਖ਼ਸ਼ ਸਿੰਘ, ਰਾਜਿੰਦਰ ਸਿੰਘ, ਭੁਪਿੰਦਰ ਸਿੰਘ ਡਡਹੇੜੀ, ਅਮਰਜੀਤ ਸ਼ਰਮਾ ਅਮਲੋਹ, ਭੋਜ ਰਾਜ, ਸੁਦਰਸ਼ਨ ਸ਼ਰਮਾ, ਅਜੈਬ ਸਿੰਘ, ਸਤਪਾਲ ਘਈ, ਭੁਪਿੰਦਰ ਸਿੰਘ, ਸਰੀਫ਼ ਮੁਹੰਮਦ, ਜਗਜੀਤ ਸਿੰਘ, ਰਾਜਿੰਦਰ ਸਿੰਘ ਨਸਰਾਲੀ, ਹਰਬੰਸ ਸਿੰਘ, ਕਮਲੇਸ਼ ਰਾਈ, ਮੀਨਾ ਕੁਮਾਰੀ, ਜਗਤਾਰ ਕੌਰ, ਪਿਆਰੀ ਦੇਵੀ, ਬਿਮਲਾ ਦੇਵੀ ਵੀ ਸ਼ਾਮਿਲ ਸਨ |