ਫ਼ਤਹਿਗੜ੍ਹ ਸਾਹਿਬ, 20 ਦਸੰਬਰ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਆਪਣੇ ਸਹਿਯੋਗੀਆਂ ਦੇ ਨਾਲ ਜੋਤੀ ਸਰੂਪ ਚੌਂਕ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦੀ ਸਫ਼ਾਈ ਕੀਤੀ ਗਈ | ਇਸ ਮੌਕੇ ਵਿਧਾਇਕ ਰਾਏ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਨਜ਼ਦੀਕ ਆ ਰਿਹਾ ਹੈ, ਉਸ ਦੇ ਲਈ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਦੇ ਵਲੋਂ ਪ੍ਰਬੰਧ ਕੀਤੇ ਜਾ ਰਹੇ ਹਨ, ਉੱਥੇ ਹੀ ਇੱਥੋਂ ਦੇ ਵਸਨੀਕ ਹੋਣ ਦੇ ਨਾਤੇ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਆਉਣ ਵਾਲੀ ਸੰਗਤ ਦੀ ਆਮਦ ਦੇ ਵਿਚ ਸਾਫ਼ ਸਫ਼ਾਈ ਦੇ ਪ੍ਰਬੰਧਾਂ ਵਿਚ ਯੋਗਦਾਨ ਪਾਈਏ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਦਾ ਜੋ ਸਾਕਾ ਹੈ, ਪੂਰੇ ਇਤਿਹਾਸ ਦੇ ਵਿਚ ਉਸ ਦੇ ਨਾਲ ਦੀ ਕੋਈ ਦੂਸਰੀ ਉਦਾਹਰਨ ਵੀ ਨਹੀਂ | ਜਿਸ ਕਾਰਨ ਦੁਨੀਆ ਭਰ ਦੀ ਸੰਗਤ ਇਸ ਅਸਥਾਨ 'ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ | ਇਸ ਸ਼ਹਿਰ ਦੇ ਵਾਸੀ ਹੋਣ ਦੇ ਨਾਤੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਉਕਤ ਸ਼ਹੀਦੀ ਦਿਨਾਂ ਦੌਰਾਨ ਆਪਣਾ ਕੰਮ ਕਾਰ ਛੱਡ ਕੇ ਸ਼ਹੀਦਾਂ ਦੀ ਸੇਵਾ ਦੇ ਵਿਚ ਸਮਰਪਿਤ ਹੋ ਜਾਈਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਹਲਕਾ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਿੰਦਰ ਸਿੰਘ ਮੰਡੋਫਲ, 'ਆਪ' ਆਗੂ ਤੇ ਸਰਪੰਚ ਕੁਲਵਿੰਦਰ ਸਿੰਘ ਡੇਰਾ, ਜਸਪਾਲ ਸਿੰਘ ਰਾਮਦਾਸ ਨਗਰ, ਰਾਜੇਸ਼ ਉੱਪਲ, ਬਲਦੇਵ ਸਿੰਘ ਭੱਲ ਮਾਜਰਾ, ਬਲਵੀਰ ਸੋਢੀ ਆਦਿ ਵੀ ਹਾਜ਼ਰ ਸਨ |