ਫ਼ਤਹਿਗੜ੍ਹ ਸਾਹਿਬ, 20 ਦਸੰਬਰ (ਮਨਪ੍ਰੀਤ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਭਰਨ ਵਾਲੀ ਸਿੰਘ ਸਭਾ ਮੌਕੇ ਸ਼ਰਧਾਲੂ ਪੂਰੀ ਸ਼ਰਧਾ ਨਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਣ, ਤਾਂ ਜੋ ਸ਼ਹੀਦੀ ਸਭਾ ਮੌਕੇ ਆਉਣ ਵਾਲੀਆ ਸੰਗਤਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਤੇ ਠੇਕੇਦਾਰ ਅਵਤਾਰ ਸਿੰਘ ਚਨਾਰਥਲ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਆਗੂਆਂ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਬਜ਼ੁਰਗਾਂ, ਇਸਤਰੀਆਂ ਤੇ ਬੱਚਿਆਂ ਦੀ ਸਹੂਲਤ ਲਈ ਫ਼੍ਰੀ ਬੱਸਾਂ ਤੇ ਈ ਰਿਕਸ਼ਾ ਵੀ ਚਲਾਏ ਜਾ ਰਹੇ ਹਨ, ਪਰ ਲੰਗਰਾਂ ਲਈ ਆਉਣ ਵਾਲੇ ਟਰੈਕਟਰ ਟਰਾਲੀਆਂ 'ਤੇ ਲੱਗੇ ਵੱਡੇ ਲਾਊਡ ਸਪੀਕਰਾਂ 'ਤੇ ਪੂਰਨ ਪਾਬੰਦੀ ਲਗਾਈ ਜਾਵੇ ਤਾਂ ਜੋ ਲੋਕ ਇਸ ਸ਼ੋਕਮਈ ਸਭਾ ਦੌਰਾਨ ਆਵਾਜ਼ ਪ੍ਰਦੂਸ਼ਣ ਤੋਂ ਬਚ ਸਕਣ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਲੋਕਾਂ ਦੀ ਸਹੂਲਤ ਲਈ ਫ਼੍ਰੀ ਪਾਰਕਿੰਗਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਪਰ ਲੋਕ ਜਾਣ ਬੁੱਝ ਕੇ ਆਪਣੀਆਂ ਕਾਰਾਂ ਜਾਂ ਵਾਹਨਾਂ ਨੂੰ ਸ਼ਹੀਦੀ ਸਭਾ 'ਚ ਲਿਜਾਉਣ ਦੀ ਜ਼ਿੱਦ ਕਰਦੇ ਹਨ, ਜਿਸ ਕਾਰਨ ਸਭਾ ਅੰਦਰ ਜਾਮ ਦੀ ਸਥਿਤੀ ਦਾ ਮਾਹੌਲ ਬਣ ਜਾਂਦਾ ਹੈ ਤੇ ਸ਼ਰਧਾਲੂਆਂ ਨੂੰ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈਦਾ ਹੈ | ਉਨ੍ਹਾਂ ਲੋਕਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦੀ ਸਭਾ 'ਚ ਚਾਰ ਪਹੀਆ ਵਾਹਨ ਲਿਜਾਉਣ ਤੋਂ ਪ੍ਰਹੇਜ਼ ਕਰਨ ਤੇ ਪਾਰਕਿੰਗ 'ਚ ਆਪਣੇ ਵਾਹਨ ਲਗਾਉਣ ਤਾਂ ਜੋ ਸ਼ਹੀਦੀ ਸਭਾ 'ਚ ਜਾਣ ਵਾਲੇ ਸ਼ਰਧਾਲੂਆਂ ਨੂੰ ਵਧੀਆ ਸਹੂਲਤਾਂ ਮਿਲ ਸਕਣ |