ਸੰਘੋਲ, 20 ਦਸੰਬਰ (ਗੁਰਨਾਮ ਸਿੰਘ ਚੀਨਾ)-ਕੈਨੇਡਾ ਵਿਖੇ ਆਪਣੀ ਮਿਹਨਤ ਦੇ ਬਲਬੂਤੇ ਸਫ਼ਲ ਟਰਾਂਸਪੋਰਟਾਂ 'ਚ ਗਿਣੇ ਜਾਂਦੇ ਪਿੰਡ ਦੁੱਲਵਾਂ ਦੇ ਹੁੰਦਲ ਭਰਾ ਗੁਰਜੀਤ ਸਿੰਘ ਹੁੰਦਲ ਤੇ ਮਨਮੋਹਨ ਸਿੰਘ ਹੁੰਦਲ ਵੱਲੋਂ ਆਪਣੀ ਜਨਮ ਭੂਮੀ ਪਿੰਡ ਦੁੱਲਵਾਂ ਵੱਲ ਵੀ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਜਾਂਦਾ ਹੈ | ਉਨ੍ਹਾਂ ਵੱਲੋਂ ਪਿੰਡ ਵਿਖੇ ਵੱਖ-ਵੱਖ ਕੀਤੇ ਗਏ ਵਿਕਾਸ ਕਾਰਜਾਂ ਤੋਂ ਇਲਾਵਾ ਮੈਡੀਕਲ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਵਿਖੇ ਭਾਈ ਸੋਭਾ ਸਿੰਘ ਚੈਰੀਟੇਬਲ ਡਿਸਪੈਂਸਰੀ ਖੋਲੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਆਤਮਾ ਸਿੰਘ ਤੇ ਸੋਹਣ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਹੁੰਦਲ ਤੇ ਮਨਮੋਹਨ ਸਿੰਘ ਹੁੰਦਲ ਵੱਲੋਂ ਆਪਣੇ ਪਿਤਾ ਜਸਵੰਤ ਸਿੰਘ ਹੁੰਦਲ ਦੀ ਯਾਦ ਵਿਚ ਪਿੰਡ ਵਿਖੇ ਮੈਡੀਕਲ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਾਲ 2000 ਵਿਚ ਡਿਸਪੈਂਸਰੀ ਖੋਲ੍ਹੀ ਗਈ ਸੀ ਜਿੱਥੋਂ ਕਿ ਹੁਣ ਤੱਕ ਲਗਾਤਾਰ ਇਲਾਕਾ ਵਾਸੀਆਂ ਨੂੰ ਮੈਡੀਕਲ ਸਹੂਲਤਾਂ ਮਿਲ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਡਿਸਪੈਂਸਰੀ ਅੰਦਰ ਮਰੀਜ਼ਾਂ ਦੀ ਜਾਂਚ ਲਈ ਟੈੱਸਟ ਕਰਨ ਲਈ ਲੈਬੋਰੇਟਰੀ ਦੀ ਵੀ ਸਹੂਲਤ ਹੈ | ਇਸ ਡਿਸਪੈਂਸਰੀ 'ਚ ਮਰੀਜ਼ਾਂ ਤੋਂ ਸਿਰਫ਼ 10 ਰੁਪਏ ਪਰਚੀ ਫ਼ੀਸ ਲਈ ਜਾਂਦੀ ਹੈ ਤੇ ਮੈਡੀਕਲ ਜਾਂਚ, ਦਵਾਈਆਂ ਤੇ ਟੈੱਸਟ ਸਾਰੇ ਮੁਫ਼ਤ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਡਿਸਪੈਂਸਰੀ 'ਚ ਡਾਕਟਰਾਂ ਦੀ ਤਨਖ਼ਾਹ , ਲੈਬ ਟੈੱਸਟਾਂ, ਦਵਾਈਆਂ ਆਦਿ ਦਾ ਕਰੀਬ ਇੱਕ ਲੱਖ ਰੁਪਏ ਤੋਂ ਵੱਧ ਦਾ ਮਹੀਨਾਵਾਰ ਖਰਚਾ ਹੈ ਜੋ ਕਿ ਹੁੰਦਲ ਭਰਾਵਾਂ ਦੁਆਰਾ ਦਿੱਤਾ ਜਾਂਦਾ ਹੈ | ਅਖੀਰ ਵਿਚ ਆਤਮਾ ਸਿੰਘ ਤੇ ਸੋਹਣ ਸਿੰਘ ਤੋਂ ਇਲਾਵਾ ਪਿੰਡ ਵਾਸੀਆਂ ਨੇ ਹੁੰਦਲ ਭਰਾਵਾਂ ਦੁਆਰਾ ਪਿੰਡ ਦੇ ਵਿਕਾਸ ਕਾਰਜਾਂ, ਮੁਫ਼ਤ ਡਾਕਟਰੀ ਸਹੂਲਤਾਂ ਤੇ ਸਿੱਖਿਆ ਦੇ ਸੁਧਾਰ ਲਈ ਕੀਤੇ ਜਾ ਰਹੇ ਕਾਰਜਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ |