ਫ਼ਤਹਿਗੜ੍ਹ ਸਾਹਿਬ, 20 ਦਸੰਬਰ (ਬਲਜਿੰਦਰ ਸਿੰਘ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭਗੜਾਣਾ ਦੇ ਪ੍ਰਬੰਧਕ ਜਥੇਦਾਰ ਜਸਮੇਰ ਸਿੰਘ ਬਲਸੂਆਂ ਨੇ ਦੱਸਿਆ ਕਿ ਪਿੰਡ ਭਗੜਾਣਾ ਦਾ ਇਤਿਹਾਸ ਸਿੱਖ ਧਰਮ ਨਾਲ ਗਹਿਰੇ ਤੌਰ 'ਤੇ ਜੁੜਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਚਮਕੌਰ ਦੀ ਇਤਿਹਾਸਿਕ ਗੜੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਪਹਿਰਾ ਦੇਣ ਵਾਲੇ ਮਹਾਨ ਸ਼ਹੀਦ ਭਾਈ ਮਦਨ ਸਿੰਘ ਜੀ ਅਤੇ ਭਾਈ ਕੋਠਾ ਸਿੰਘ ਜੀ ਦੋਵੇਂ ਸਕੇ ਭਰਾ ਇਸੇ ਪਿੰਡ ਦੇ ਵਸਨੀਕ ਸਨ | ਜਿਨ੍ਹਾਂ ਨੇ ਚਮਕੌਰ ਦੀ ਜੰਗ ਵਿਚ ਸ਼ਹਾਦਤ ਦਾ ਜਾਮ ਪੀਤਾ | ਉਨ੍ਹਾਂ ਕਿਹਾ ਕਿ ਇਹ ਦੋਵੇਂ ਸ਼ਹੀਦ ਸਿੱਖ ਕੌਮ ਲਈ ਬਹਾਦਰੀ, ਤਿਆਗ ਅਤੇ ਨਿਸ਼ਕਾਮ ਸੇਵਾ ਦੀ ਅਮਰ ਮਿਸਾਲ ਹਨ | ਉਨ੍ਹਾਂ ਦੱਸਿਆ ਕਿ ਭਗੜਾਣਾ ਪਿੰਡ ਵਿਚ ਅੱਜ ਵੀ ਇਨ੍ਹਾਂ ਸ਼ਹੀਦਾਂ ਦਾ ਜੱਦੀ ਘਰ ਮੌਜੂਦ ਹੈ, ਜੋ ਸੰਗਤ ਲਈ ਸ਼ਰਧਾ ਅਤੇ ਪ੍ਰੇਰਣਾ ਦਾ ਕੇਂਦਰ ਹੈ | ਜਦੋਂਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਵੀ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਬੁੰਗਾ ਸਾਹਿਬ ਸਸ਼ੋਭਿਤ ਹਨ ਜਿੱਥੇ ਸੰਗਤਾਂ ਦੇ ਸਹਿਯੋਗ ਨਾਲ ਨਿਰੰਤਰ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਚੱਲਦੇ ਰਹਿੰਦੇ ਹਨ ਅਤੇ ਸੰਗਤਾਂ ਇੱਥੇ ਆ ਕੇ ਇਤਿਹਾਸ ਨਾਲ ਜੁੜ ਕੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰਦੀਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਚਮਕੌਰ ਸਾਹਿਬ ਦੀ ਸ਼ਹੀਦੀ ਸਭਾ ਦੌਰਾਨ ਨਗਰ 'ਚੋਂ ਲੰਗਰ ਵੀ ਲਗਾਇਆ ਜਾਂਦਾ ਹੈ ਅਤੇ ਇਹ ਲੰਗਰ ਸੇਵਾ ਚਮਕੌਰ ਸਾਹਿਬ ਦੀ ਇਤਿਹਾਸਿਕ ਧਰਤੀ 'ਤੇ ਲੰਗਰ ਲਗਾਉਣ ਲਈ ਰਵਾਨਾ ਹੋਣ ਤੋਂ ਪਹਿਲਾਂ ਸੰਗਤਾਂ ਇੱਥੇ ਅਰਦਾਸ ਕਰਦੀਆਂ ਹਨ ਅਤੇ ਸਮਾਪਤੀ ਵੀ ਏਸੇ ਅਸਥਾਨ 'ਤੇ ਪਹੁੰਚ ਕੇ ਹੁੰਦੀ ਹੈ | ਇਸ ਮੌਕੇ 'ਤੇ ਜਥੇਦਾਰ ਜਸਮੇਰ ਸਿੰਘ ਬਲਸੂਆਂ ਤੋਂ ਇਲਾਵਾ ਸੇਵਾਦਾਰ ਅਜੀਤ ਸਿੰਘ, ਰਾਗੀ ਭਾਈ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਪ੍ਰਗਟ ਸਿੰਘ, ਪ੍ਰੀਤਮ ਸਿੰਘ, ਜੋਰਾ ਸਿੰਘ ਸਮੇਤ ਹੋਰ ਸੰਗਤਾਂ ਵੀ ਹਾਜ਼ਰ ਸਨ |